ਬਿਜਲੀ ਬੋਰਡ ਦੇ ਨਿਜੀਕਰਨ ਵਿਰੁੱਧ ਟੀਐੱਸਯੂ ਵੱਲੋਂ ਰੋਸ ਰੈਲੀ ਬਿਜਲੀ ਬੋਰਡ ਦੇ ਨਿਜੀਕਰਨ ਵਿਰੁੱਧ ਟੀਐੱਸਯੂ ਵੱਲੋਂ ਰੋਸ ਰੈਲੀ;
Publish Date: Fri, 23 Oct 2026 10:02 PM (IST)
Updated Date: Fri, 23 Oct 2026 10:03 PM (IST)
-ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਟੈਕਨੀਕਲ ਸਰਵਿਸ ਯੂਨੀਅਨ (ਰਜਿ. ਨੰ. 49) ਵੱਲੋਂ ਹਰਿਆਣਾ ਦੇ ਗੁੜਗਾਉਂ ਅਤੇ ਨੂੰਹ ਜ਼ਿਲ੍ਹਿਆਂ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਬਿਜਲੀ ਖੇਤਰ ਵਿਚ ਸਮਾਨਾਂਤਰ ਲਾਈਸੈਂਸਿੰਗ ਦੇਣ ਅਤੇ ਨਿਜੀਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਡਿਵੀਜ਼ਨ ਦਫ਼ਤਰ ਖਰੜ ਵਿਖੇ ਬਲਵਿੰਦਰ ਸਿੰਘ ਰਡਿਆਲਾ (ਸਰਕਲ ਪ੍ਰਧਾਨ) ਦੀ ਅਗਵਾਈ ਹੇਠ ਭਰਵੀਂ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਜ਼ੋਨ ਆਗੂ ਯੋਗਰਾਜ ਸਿੰਘ, ਸੀਟੀ-2 ਪ੍ਰਧਾਨ ਸ਼ੇਰ ਸਿੰਘ ਅਤੇ ਖਰੜ ਸਬ ਪ੍ਰਧਾਨ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਬੋਰਡ ਇਕ ਲਾਹੇਵੰਦ ਅਤੇ ਮੁਨਾਫ਼ੇ ਵਾਲਾ ਅਦਾਰਾ ਹੈ, ਜਿਸ ਨੂੰ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਰੇਲਵੇ, ਟਰਾਂਸਪੋਰਟ, ਏਅਰਲਾਈਨਜ਼ ਅਤੇ ਬੀਐੱਸਐੱਨਐੱਲ ਵਾਂਗ ਬਿਜਲੀ ਵਿਭਾਗ ਨੂੰ ਵੀ ਵੇਚਣ ਦੀ ਤਿਆਰੀ ਹੈ। ਆਗੂਆਂ ਨੇ ਚੰਡੀਗੜ੍ਹ ਬਿਜਲੀ ਵਿਭਾਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਮੁਲਾਜ਼ਮਾਂ ਨੂੰ ਜਬਰੀ ਵੀਆਰਐੱਸ ਲੈਣ ਲਈ ਮਜਬੂਰ ਕਰ ਕੇ ਘਰੋ-ਬੇਘਰ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਕੱਚੇ ਮੁਲਾਜ਼ਮਾਂ ਦੀ ਥਾਂ ਹਰ ਵਿਭਾਗ ਵਿਚ ਪੱਕੀ ਭਰਤੀ ਕਰਨ, ਕਿਉਂਕਿ ਰੁਜ਼ਗਾਰ ਨਾ ਮਿਲਣ ਕਾਰਨ ਪੜ੍ਹੇ-ਲਿਖੇ ਨੌਜਵਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਯੂਨੀਅਨ ਨੇ ਹਰਿਆਣਾ ਦੇ ਸੰਘਰਸ਼ਸ਼ੀਲ ਬਿਜਲੀ ਕਰਮਚਾਰੀਆਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਹਰਿਆਣਾ ਵਿਚ ਲਗਾਈਆਂ ਗਈਆਂ ਜਾਂ ਨਿਜੀਕਰਨ ਦਾ ਫ਼ੈਸਲਾ ਰੱਦ ਨਾ ਕੀਤਾ ਗਿਆ, ਤਾਂ ਪੰਜਾਬ ਦੇ ਮੁਲਾਜ਼ਮ ਤਿੱਖਾ ਸੰਘਰਸ਼ ਛੇੜਨਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਵਿਚ ਜੇਈ ਜਤਿੰਦਰ ਸਿੰਘ, ਮਨਦੀਪ ਰੱਤੂ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਅਜੇ ਸ਼ਰਮਾ, ਰੋਹਿਤ ਚੌਧਰੀ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਜਗਨਦੀਪ ਸਿੰਘ, ਦਯਾ ਨੰਦ ਅਤੇ ਹੈਪੀ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਮੁਲਾਜ਼ਮ ਹਾਜ਼ਰ ਸਨ।