ਐੱਨਕੇ ਵਰਮਾ ਅਤੇ ਰਣਜੀਤ ਸਿੰਘ ਗਿੱਲ ਦੇ ਬੈਨਰ ਪਾੜਨ ’ਤੇ ਰੋਸ ਐੱਨਕੇ ਵਰਮਾ ਅਤੇ ਰਣਜੀਤ ਸਿੰਘ ਗਿੱਲ ਦੇ ਬੈਨਰ ਪਾੜਨ ’ਤੇ ਰੋਸ,
Publish Date: Mon, 02 Nov 2026 07:34 PM (IST)
Updated Date: Mon, 02 Nov 2026 07:35 PM (IST)
-ਵਕੀਲ ਭਾਈਚਾਰੇ ਨੇ ਕੌਂਸਲ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ -ਸਰਕਾਰ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼, ਜਾਂਚ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਪੰਜਾਬ ਭਾਜਪਾ ਲੀਗਲ ਸੈੱਲ ਦੇ ਕਨਵੀਨਰ ਐਡਵੋਕੇਟ ਐੱਨਕੇ ਵਰਮਾ ਅਤੇ ਭਾਜਪਾ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਦੇ ਨਿੱਜੀ ਜਾਇਦਾਦਾਂ ’ਤੇ ਲੱਗੇ ਬੈਨਰ ਕਥਿਤ ਤੌਰ ’ਤੇ ਪਾੜਨ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਵੱਡੀ ਗਿਣਤੀ ਵਿਚ ਵਕੀਲਾਂ ਨੇ ਸ਼ਿਰਕਤ ਕਰਦਿਆਂ ਨਗਰ ਕੌਂਸਲ ਦੀ ਕਾਰਵਾਈ ਦਾ ਵਿਰੋਧ ਕੀਤਾ। ਐਡਵੋਕੇਟ ਐੱਨਕੇ ਵਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਬੈਨਰ ਜਾਇਦਾਦ ਮਾਲਕਾਂ ਦੀ ਸਹਿਮਤੀ ਨਾਲ ਲਗਾਏ ਗਏ ਸਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਿੱਜੀ ਜਾਇਦਾਦਾਂ ’ਤੇ ਲੱਗੇ ਬੈਨਰ ਹਟਾਏ ਜਾ ਰਹੇ ਹਨ ਤਾਂ ਸਰਕਾਰੀ ਜਾਇਦਾਦਾਂ ’ਤੇ ਲੱਗੀ ਸਿਆਸੀ ਪ੍ਰਚਾਰ ਸਮੱਗਰੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੁੰਦੀ। ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਦਾ ਵੱਧ ਰਿਹਾ ਜਨ-ਆਧਾਰ ਵਿਰੋਧੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਨੂੰ ਸਿਆਸੀ ਤੌਰ ’ਤੇ ਦਬਾਉਣ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਆਗੂਆਂ ਦੇ ਮਾਣ-ਸਨਮਾਨ ਅਤੇ ਹੱਕਾਂ ਦੀ ਰਾਖੀ ਲਈ ਹਰ ਪੱਧਰ ’ਤੇ ਸੰਘਰਸ਼ ਕਰੇਗੀ। ਹੁਣ ਇਸ ਮਾਮਲੇ ’ਚ ਸਭ ਦੀਆਂ ਨਜ਼ਰਾਂ ਨਗਰ ਕੌਂਸਲ ਪ੍ਰਸ਼ਾਸਨ ਦੇ ਜਵਾਬ ਅਤੇ ਭਾਜਪਾ ਆਗੂਆਂ ਵੱਲੋਂ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ’ਚ ਉਨ੍ਹਾਂ ਦੀ ਵੱਧ ਰਹੀ ਦਾਅਵੇਦਾਰੀ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੌਜੂਦ ਵਕੀਲਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਨਗਰ ਕੌਂਸਲ ਤੋਂ ਕਾਰਵਾਈ ਦਾ ਆਧਾਰ ਜਨਤਕ ਕਰਨ ਦੀ ਮੰਗ ਕੀਤੀ। ਵਰਮਾ ਨੇ ਐਲਾਨ ਕੀਤਾ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜਨਗੇ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸੀਨੀਅਰ ਐਡਵੋਕੇਟ ਗੀਤਾਂਜਲੀ ਬਾਲੀ, ਐਡਵੋਕੇਟ ਅਭਿਵਾਦਿਆ ਸੂਦ ਲੀਗਲ ਸੈੱਲ ਕਨਵੀਨਰ ਮੁਹਾਲੀ, ਐਡਵੋਕੇਟ ਜੀਐੱਸ ਰਾਣਾ, ਕੋ-ਕਨਵੀਨਰ ਲੀਗਲ ਸੈੱਲ, ਨਿਕੁੰਜ ਧਵਨ ਸੋਸ਼ਲ ਮੀਡੀਆ ਕੋ-ਕਨਵੀਨਰ, ਭਾਵਨਾ ਰਾਣਾ, ਐਡਵੋਕੇਟ ਦਵਿੰਦਰ ਗੁਪਤਾ ਕੋ-ਕਨਵੀਨਰ ਲੀਗਲ ਸੈੱਲ, ਗੁਰਜੋਤ ਕੌਰ, ਭਾਰਤ ਕੰਵਲ, ਚਰਨਜੀਤ ਕੁਮਾਰ, ਹਰਮਨਜੀਤ ਸਿੰਘ, ਪ੍ਰਿੰਸ ਸ਼ਰਮਾ, ਮਿਤਲੇਸ਼ ਕੁਮਾਰ ਸਮੇਤ ਕਈ ਹੋਰ ਵਕੀਲ ਮੌਜੂਦ ਰਹੇ। ਹਾਲਾਂਕਿ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕੋਈ ਵੀ ਅਜਿਹੀ ਮੁਹਿੰਮ ਨਹੀਂ ਚਲਾਈ ਗਈ ਅਤੇ ਇਹ ਸਾਰੇ ਦੋਸ਼ ਵੀ ਬੇਬੁਨਿਆਦ ਹਨ।