- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸੁਖਮਨੀ ਸਕੂਲ ਦੇ ਬਾਹਰ ਮੋਰਚਾ ਪੰਜਵੇਂ ਦਿਨ ਵੀ ਜਾਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਦੇ ਕਰਮਚਾਰੀਆਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਟਰੇਡ ਯੂਨੀਅਨਾਂ ਵੱਲੋਂ ਲਾਇਆ ਦਿਨ-ਰਾਤ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ। ਸ਼ੁੱਕਰਵਾਰ ਨੂੰ ਐੱਸਡੀਐੱਮ ਡੇਰਾਬੱਸੀ ਦੀ ਹਾਜ਼ਰੀ ਵਿਚ ਸਕੂਲ ਪ੍ਰਬੰਧਕਾਂ ਅਤੇ ਯੂਨੀਅਨ ਆਗੂਆਂ ਵਿਚਕਾਰ ਬੈਠਕ ਹੋਈ। ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਵੱਲੋਂ ਪ੍ਰਬੰਧਕਾਂ ਨੂੰ ਮਸਲਾ ਹੱਲ ਕਰਨ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ, ਜਿਸ ਨੂੰ ਯੂਨੀਅਨ ਆਗੂਆਂ ਨੇ ਸਵੀਕਾਰ ਕਰ ਲਿਆ। ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਹੱਲ ਨਾ ਹੋਣ ’ਤੇ ਜਥੇਬੰਦੀਆਂ ਵੱਲੋਂ ਅਗਲੇ ਸੰਘਰਸ਼ ਦਾ ਫ਼ੈਸਲਾ ਕੀਤਾ ਜਾਵੇਗਾ। ਮੋਰਚੇ ਨੂੰ ਟਰੇਡ ਯੂਨੀਅਨ ਏਟਕ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਵਿਨੋਦ ਚੁੱਘ, ਹਰੀ ਸਿੰਘ ਚਡਿਆਲਾ, ਰਣਜੀਤ ਸਿੰਘ ਭਗਵਾਨਪੁਰ, ਜਗਤਾਰ ਸਿੰਘ ਝਰਮੜੀ, ਗੁਰਪਾਲ ਸਿੰਘ ਦੱਪਰ, ਧਰਮ ਸਿੰਘ ਦੱਪਰ, ਗੁਲਾਬ ਸਿੰਘ ਅਤੇ ਜਰਨੈਲ ਸਿੰਘ ਬੈਰ ਮਾਜਰਾ ਸਮੇਤ ਹੋਰ ਆਗੂ ਹਾਜ਼ਰ ਸਨ।