ਵਰ੍ਹਦੇ ਮੀਂਹ ’ਚ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਡੀਸੀ ਦਫ਼ਤਰ ਦੇ ਬਾਹਰ ਵਰ੍ਹਦੇ ਮੀਂਹ ਵਿਚ ਰੋਸ ਮੁਜ਼ਾਹਰਾ,
Publish Date: Mon, 20 Jul 2026 08:17 PM (IST)
Updated Date: Mon, 20 Jul 2026 08:19 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਮੁਹਾਲੀ ਵੱਲੋਂ ਸੋਮਵਾਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਸੂਬਾ ਆਗੂ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਵਰ੍ਹਦੇ ਮੀਂਹ ’ਚ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਦੇ ਖੇਤੀਬਾੜੀ ਸੰਕਟ, ਸਰਕਾਰੀ ਨੀਤੀਆਂ ਤੇ ਕਿਸਾਨਾਂ ਦੇ ਉਜਾੜੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਅਮਰੀਕਾ ਨਾਲ ਵਪਾਰ ਸਮਝੌਤਾ, ਲੈਂਡ-ਪੂਲਿੰਗ ਨੀਤੀ ਤੇ ਬਿਜਲੀ-ਖਾਦਾਂ ਦੇ ਮੁੱਦਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਸੰਘੀ ਘੁੱਟਣ ’ਤੇ ਲੱਗੀਆਂ ਹੋਈਆਂ ਹਨ। ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਬਹਾਦਰ ਸਿੰਘ ਨਿਆਮੀਆਂ, ਬਲਾਕ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਵਪਾਰ ਸਮਝੌਤਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੋਵੇਗਾ। ਆਗੂਆਂ ਨੇ ਤਰਕ ਦਿੱਤਾ ਕਿ ‘ਅਮਰੀਕਾ ਸਰਕਾਰ ਉੱਥੋਂ ਦੇ ਕਿਸਾਨਾਂ ਨੂੰ ਖੇਤੀਬਾੜੀ ਉੱਤੇ ਭਾਰੀ ਸਬਸਿਡੀਆਂ ਦਿੰਦੀ ਹੈ, ਜਿਸ ਨਾਲ ਉੱਥੇ ਫ਼ਸਲਾਂ ਦੀ ਲਾਗਤ ਬਹੁਤ ਘੱਟ ਆਉਂਦੀ ਹੈ ਪਰ ਇੱਥੇ ਕਿਸਾਨ ਅਮਰੀਕੀ ਕਾਰਪੋਰੇਟ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਣਗੇ, ਜਿਸ ਨਾਲ ਪੰਜਾਬ ਦੀ ਖੇਤੀਬਾੜੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।’ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ‘ਲੈਂਡ-ਪੂਲਿੰਗ ਪਾਲਿਸੀ’ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਲਿਸੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਨ ਤੇ ਉਜਾੜਨ ਦਾ ਇਕ ਨਵਾਂ ਬਹਾਨਾ ਹੈ। ਯੂਨੀਅਨ ਨੇ ਗਮਾਡਾ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਦੱਸਿਆ ਕਿ 12 ਸਾਲ ਪਹਿਲਾਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਲੈਂਡ-ਪੂਲਿੰਗ ਪਾਲਿਸੀ ਤਹਿਤ ਬਣਦਾ ਮੁਆਵਜ਼ਾ ਤੇ ਪਲਾਟ ਅਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤੇ ਗਏ। ਕਿਸਾਨਾਂ ਨੂੰ ਨਾ ਤਾਂ ਜ਼ਮੀਨ ਦੇ ਪੈਸੇ ਮਿਲੇ ਹਨ ਅਤੇ ਨਾ ਹੀ ਬਦਲੇ ’ਚ ਪਲਾਟ। ਇਸ ਕਾਰਨ ਕਿਸਾਨਾਂ ਦੇ ਆਪਣੀ ਜ਼ਮੀਨ ਉੱਤੇ ਮਾਲਕਾਨਾ ਹੱਕ ਪ੍ਰਭਾਵਿਤ ਹੋ ਰਹੇ ਹਨ। ਧਰਨੇ ਮਗਰੋਂ ਕਿਸਾਨਾਂ ਨੇ ਡੀਸੀ ਨੂੰ ਆਪਣੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਖਰੜ ਹਰਚੰਦ ਸਿੰਘ ਗੜਾਂਗਾ, ਮਨਪ੍ਰੀਤ ਸਿੰਘ ਖੇੜੀ, ਜਾਗਰ ਸਿੰਘ ਧੜਾਕ, ਬਲਵਿੰਦਰ ਸਿੰਘ ਨਬੀਪੁਰ, ਅਵਤਾਰ ਸਿੰਘ ਜੰਡਪੁਰ, ਬਲਜੀਤ ਸਿੰਘ ਰਡਿਆਲਾ, ਬਲਜਿੰਦਰ ਸਿੰਘ ਭਜੌਲੀ, ਦੀਪਾ ਧੜਾਕ, ਜਸਵੀਰ ਸਿੰਘ ਘੋਗਾ, ਗੁਰਜੰਟ ਸਿੰਘ ਪੋਪਨਾ, ਗੁਰਮੀਤ ਸਿੰਘ ਟੋਨੀ, ਸਾਹਿਬ ਸਿੰਘ ਜੜੌਤ, ਕੁਲਦੀਪ ਸਿੰਘ ਜਬਲਪੁਰ, ਭਜਨ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।