- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ, ਬਰਖ਼ਾਸਤੀ ਪੱਤਰ ਦੀਆਂ ਕਾਪੀਆਂ ਸਾੜੀਆਂ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਅਧਿਆਪਕ ਵਰਗ ਦੀਆਂ ਨੁਮਾਇੰਦਾ ਜਥੇਬੰਦੀਆਂ ਦੇ ਸੱਦੇ ’ਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਪਾੜ੍ਹਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸਿੱਖਿਆ ਵਿਭਾਗ ਵੱਲੋਂ 4161 ਭਰਤੀ ਦੇ 253 ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਲਈ ਜਾਰੀ ਫਰਮਾਨ ਵਿਰੁੱਧ ਰੋਸ ਵਿਖਾਵਾ ਕਰਦਿਆਂ ਬਰਖ਼ਾਸਤੀ ਪੱਤਰ ਸਾੜਿਆ ਗਿਆ। ਇਸ ਦੌਰਾਨ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਤਾਨਾਸ਼ਾਹੀ ਹੁਕਮ ਫੌਰੀ ਰੱਦ ਕਰਨ ਦੀ ਮੰਗ ਵੀ ਕੀਤੀ ਗਈ।
ਅਧਿਆਪਕ ਆਗੂ ਐੱਨਡੀ ਤਿਵਾੜੀ, ਗੁਰਪਿਆਰ ਸਿੰਘ, ਤੇਜਿੰਦਰ ਸਿੰਘ, ਸ਼ਿਵ ਕੁਮਾਰ ਰਾਣਾ, ਰਵਿੰਦਰ ਪੱਪੀ, ਵਿਪਨ ਕੁਮਾਰ, ਮਨਦੀਪ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2021 ਵਿਚ ਸਰਕਾਰ ਨੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਸਨ ਅਤੇ 2022 ਵਿੱਚ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਲਈ ਗਈ ਲਿਖਤੀ ਪ੍ਰੀਖਿਆ ’ਚ 83 ਗਲਤੀਆਂ ਸਨ। ਇਸ ’ਤੇ ਉਮੀਦਵਾਰਾਂ ਨੇ ਅਦਾਲਤ ਰਾਹੀਂ 2023 ਵਿਚ ਸਿੱਖਿਆ ਵਿਭਾਗ ’ਚ ਨੌਕਰੀ ਹਾਸਲ ਕੀਤੀ ਸੀ, ਜਦੋਂਕਿ ਇਸ ਦੇ ਖ਼ਿਲਾਫ਼ ਦੂਜੇ ਉਮੀਦਵਾਰ ਨੇ ਵੀ ਅਦਾਲਤ ਦੀ ਸ਼ਰਨ ਵਿਚ ਚਲੇ ਗਏ ਅਤੇ ਸਿੱਖਿਆ ਵਿਭਾਗ ਨੇ ਸਹੀ ਤਰੀਕੇ ਨਾਲ ਕੇਸ ਦੀ ਪੈਰਵੀ ਨਹੀਂ ਕੀਤੀ ਜਿਸ ਕਾਰਨ ਅਦਾਲਤ ਨੇ ਫ਼ੈਸਲਾ ਪਟੀਸ਼ਨਰ ਉਮੀਦਵਾਰਾਂ ਦੇ ਹੱਕ ’ਚ ਦਿੱਤਾ। ਇਸ ਲਈ ਸਿੱਖਿਆ ਵਿਭਾਗ ਨੇ ਭਰਤੀ ਪ੍ਰੀਖਿਆ ’ਤੇ ਸਵਾਲ ਚੁੱਕਣ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਜਿਸ ਕਾਰਨ ਅਧਿਆਪਕ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਵੱਲੋਂ 10 ਦਿਨਾਂ ਦੇ ਅੰਦਰ-ਅੰਦਰ ਅਧਿਆਪਕਾਂ ਨੂੰ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਦੇ ਵਿਰੋਧ ’ਚ ਪੰਜਾਬ ਭਰ ’ਚ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਬਿੰਦਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ ਰਬਾਬੀ, ਗੁਰੇਕ ਸਿੰਘ, ਸ਼ਿਵ ਕੁਮਾਰ ਸ਼ਰਮਾ, ਗੁਰਸ਼ਰਨ ਸਿੰਘ, ਧਰਮਿੰਦਰ ਠਾਕਰੇ, ਕਮਲ ਕੁਮਾਰ, ਗੁਲਜੀਤ ਸਿੰਘ ਅਤੇ ਹਰੀਸ਼ ਕੁਮਾਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।