ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਸਿੱਖਿਆ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਸਿੱਖਿਆ ਭਵਨ ਦੇ ਬਾਹਰ ਰੋਸ ਮੁਜ਼ਾਹਰਾ
Publish Date: Fri, 09 Oct 2026 08:33 PM (IST)
Updated Date: Fri, 09 Oct 2026 08:35 PM (IST)
-ਹੁਣ ਹੋਰ ਲਾਰੇ ਲੱਪੇ ਨਹੀਂ, ਮੰਗਾਂ ਦਾ ਹੱਲ ਹੋਣ ਤੱਕ ਜਾਰੀ ਰਹੇਗਾ ਪੱਕਾ ਮੋਰਚਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਦੇ ਕਥਿਤ ਝੂਠੇ ਲਾਰਿਆਂ ਤੋਂ ਤੰਗ ਆ ਕੇ ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਸਿੱਖਿਆ ਭਵਨ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਚੋਂ ਅਧਿਆਪਕ ਪਹਿਲਾਂ ਸਵੇਰੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ। ਜਿੱਥੋਂ ਉਹ ਰੋਸ ਮਾਰਚ ਕਰਦੇ ਹੋਏ ਸਿੱਖਿਆ ਭਵਨ ਦੇ ਬਾਹਰ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਉਹ ਮੁੱਖ ਗੇਟ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠ ਗਏ। ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੂਪਨਗਰ, ਰਣਜੀਤ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਬਠਿੰਡਾ, ਮਹਿਤਾਬ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸਿੰਘ ਮੁਕਤਸਰ ਸਾਹਿਬ ਅਤੇ ਪਟਿਆਲਾ ਜਿਲ੍ਹੇ ਦੇ ਕਮੇਟੀ ਮੈਂਬਰ ਹੇਮੰਤ, ਮੈਡਮ ਨਵਨੀਤ ਕੌਰ, ਵਰਿੰਦਰ ਸਿੰਘ ਤੇ ਗੁਰਿੰਦਰ ਕੌਰ ਨੇ ਸਿੱਖਿਆ ਵਿਭਾਗ ਅਤੇ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੱਢਣ ਅਤੇ ਲਾਰੇ ਲਗਾ ਕੇ ਡੰਗ ਟਪਾਊ ਨੀਤੀ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਅਧਿਆਪਕ ਮੰਗਾਂ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਧਰਨੇ ਦੌਰਾਨ ਕੋਈ ਘਟਨਾ ਵਾਪਰੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਕੰਮ ਕਰ ਰਹੇ 3720 ਵੋਕੇਸ਼ਨਲ ਅਧਿਆਪਕ ਪੰਜਾਬ ਸਰਕਾਰ ਨੇ ਆਊਟਸੋਰਸ/ਕੰਪਨੀਆਂ ਅਧੀਨ ਭਰਤੀ ਕੀਤੇ ਹੋਏ ਹਨ। 12 ਸਾਲਾਂ ਤੋਂ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਜਾਰੀ ਹੈ, ਲੇਕਿਨ ਕੰਪਨੀਆਂ ਤੋਂ ਮਿਲਣ ਵਾਲੇ ਕਮਿਸ਼ਨ ਕਾਰਨ ਸਰਕਾਰ ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ। ਬੁਲਾਰਿਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੂਬਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪ੍ਰੰਤੂ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਸਰਕਾਰ ਅਤੇ ਵਿਭਾਗ ਵੱਲੋਂ ਹਾਲੇ ਤੱਕ ਇਨ੍ਹਾਂ ਅਧਿਆਪਕਾਂ ਦੇ ਹੱਕ ’ਚ ਕੋਈ ਨੀਤੀ ਨਹੀਂ ਬਣਾਈ ਗਈ। ਜਦੋਂਕਿ ਗੁਆਂਢੀ ਸੂਬੇ ਹਰਿਆਣਾ ’ਚ ਵੋਕੇਸ਼ਨਲ ਅਧਿਆਪਕ ਵੱਧ ਤਨਖ਼ਾਹਾਂ ਲੈ ਰਹੇ ਹਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਇਨਸਾਫ਼ ਪ੍ਰਾਪਤੀ ਲਈ ਉਨ੍ਹਾਂ ਨੂੰ ਵਾਰ-ਵਾਰ ਰੋਸ ਮੁਜ਼ਾਹਰੇ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਦਿੜ੍ਹਬਾ, ਸੰਗਰੂਰ ਅਤੇ ਗੰਭੀਰਪੁਰ ਰੈਲੀ ਤੋਂ ਬਾਅਦ ਵੀ ਉਨ੍ਹਾਂ ਨੂੰ ਸਿਰਫ ਲਾਰੇ ਹੀ ਮਿਲੇ ਹਨ। ਲੇਕਿਨ ਹੁਣ ਇਹ ਪੱਕਾ ਧਰਨਾ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਵੋਕੇਸ਼ਨਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਫੌਰੀ ਮਰਜ਼ ਕੀਤਾ ਜਾਵੇ।