ਲੋਕ ਨਿਰਮਾਣ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦਾ ਧਰਨਾ ਜਾਰੀ ਲੋਕ ਨਿਰਮਾਣ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦਾ ਧਰਨਾ ਜਾਰੀ, ਡੀਸੀ ਨੂੰ ਮੰਗ ਪੱਤਰ
Publish Date: Fri, 20 Nov 2026 08:35 PM (IST)
Updated Date: Fri, 20 Nov 2026 08:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੁਹਾਲੀ : ਲੋਕ ਨਿਰਮਾਣ ਬਾਗਬਾਨੀ ਵਿਭਾਗ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ 13 ਨਵੰਬਰ ਤੋਂ ਮੁਹਾਲੀ ਦੇ ਉਪ ਮੰਡਲ ਦਫ਼ਤਰ ਫੇਜ਼-1 ਵਿਖੇ ਲੜੀਵਾਰ ਧਰਨੇ ’ਤੇ ਬੈਠੇ ਹਨ ਪ੍ਰੰਤੂ ਹੁਣ ਤੱਕ ਵਿਭਾਗੀ ਅਧਿਕਾਰੀਆਂ ਨੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਇਹੀ ਨਹੀਂ ਸਰਕਾਰ ਦੇ ਕਿਸੇ ਨੁਮਾਇੰਦੇ ਵੀ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਵੱਲ ਹੱਥ ਅੱਗੇ ਨਹੀਂ ਵਧਾਇਆ। ਕਾਬਿਲੇਗੌਰ ਹੈ ਕਿ ਲੋਕ ਨਿਰਮਾਣ ਦੇ ਕਾਮੇ ਕਾਰਜਕਾਰੀ ਇੰਜੀਨੀਅਰ ਨਾਲ ਹੋਈ ਮੀਟਿੰਗ ਦੇ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਅਧਿਕਾਰੀਆਂ ਵੱਲੋਂ ਜਥੇਬੰਦੀ ਦੇ ਆਗੂ ਦੀ ਬਦਲਾ ਲਊ ਭਾਵਨਾ ਨਾਲ ਬਦਲੀ ਕਰ ਦਿੱਤੀ ਗਈ। ਇਸ ਦੇ ਰੋਸ ਵਜੋਂ ਕਰਮਚਾਰੀ ਬੀਤੀ 13 ਨਵੰਬਰ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਮੁਲਾਜ਼ਮਾਂ ਨੇ ਅਧਿਕਾਰੀਆਂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਰੋਸ ਮਾਰਚ ਕਰਦੇ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ, ਜਿਥੇ ਉਨ੍ਹਾਂ ਨੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਅੱਜ ਦੇ ਇਸ ਧਰਨੇ ਨੂੰ ਫੈਡਰੇਸ਼ਨ ਦੇ ਆਗੂ ਗੁਰਬਿੰਦਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ, ਸਾਬਕਾ ਪ੍ਰਧਾਨ ਤੇ ਸੈਨੇਟ ਮੈਂਬਰ ਸੁਰਜੀਤ ਸਿੰਘ ਮੁਹਾਲੀ ਸਮੇਤ ਸੁਰੇਸ਼ ਕੁਮਾਰ ਠਾਕੁਰ, ਸ਼ਵਿੰਦਰ ਕੁਮਾਰ, ਸ਼ੀਤਲਾ ਪ੍ਰਸ਼ਾਦ, ਹਨੂੰਮਾਨ ਪ੍ਰਸਾਦਿ, ਅਮਨਦੀਪ ਕਰਾਲਾ, ਸੰਤੋਖ ਸਿੰਘ ਤੇ ਹੋਰਨਾ ਆਗੂਆਂ ਨੇ ਸੰਬੋਧਨ ਕੀਤਾ।