ਬਿਜਲੀ ਮੁਲਾਜ਼ਮਾਂ ਨਾਲ ਬਦਸਲੂਕੀ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ ਬਿਜਲੀ ਮੁਲਾਜ਼ਮਾਂ ਨਾਲ ਬਦਸਲੂਕੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
Publish Date: Tue, 13 Oct 2026 09:56 PM (IST)
Updated Date: Tue, 13 Oct 2026 09:59 PM (IST)
-ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਕੀਤੀ ਹੱਥੋਂਪਾਈ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਬਿਜਲੀ ਕਾਮਿਆਂ ਵੱਲੋਂ ਸਬ ਡਿਵੀਜ਼ਨ ਸਿਟੀ 2 ਖਰੜ ਵਿਖੇ ਸਬ ਡਿਵੀਜ਼ਨ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਇਕ ਪਾਰਟੀ ਦੇ ਦੋ ਆਗੂਆਂ ਦੇ ਖ਼ਿਲਾਫ਼ ਮੁਲਾਜ਼ਮਾਂ ਨਾਲ ਗੁੰਡਾਗਰਦੀ ਕਰਨ ਦੇ ਮਾਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਮੁੱਖ ਬੁਲਾਰੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ, ਯੋਗਰਾਜ ਸਿੰਘ, ਗੋਪੀ ਚੰਦ ਪ੍ਰਧਾਨ ਐੱਸਸੀ ਵਿੰਗ, ਕੇਵਲ ਸਿੰਘ ਸਕੱਤਰ ਟੀਐੱਸਯੂ, ਅਜੈ ਲੂੰਬਾ ਆਦਿ ਨੇ ਕਿਹਾ ਕਿ ਸਵਾਮੀ ਇਨਕਲੇਵ ਦੇ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਤਨਾਮ ਸਿੰਘ ਸਹਾਇਕ ਲਾਈਨਮੈਨ, ਗੁਰਿੰਦਰ ਸਿੰਘ ਸਹਾਇਕ ਲਾਈਨਮੈਨ, ਸੀਐੱਚਵੀ ਰਵਿੰਦਰ ਸਿੰਘ ਨੂੰ ਡਿਊਟੀ ਦੌਰਾਨ ਬਿਜਲੀ ਦੇ ਖਾਤੇ ਚੈੱਕ ਕਰਨ ਲਈ ਭੇਜਿਆ ਗਿਆ ਸੀ। ਇਸ ਦੌਰਾਨ ਆਪਣੇ ਆਪ ਨੂੰ ਇਕ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਕਹਿ ਰਹੇ ਇਕ ਵਿਅਕਤੀ ਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਵੱਲੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਨਾਲ ਮੰਦੀ ਸ਼ਬਦਾਵਲੀ ਵਰਤੀ ਗਈ ਅਤੇ ਆਪਣਾ ਕੁਨੈਕਸ਼ਨ ਚੈੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਇਕ ਪਾਰਟੀ ਦਾ ਪ੍ਰਧਾਨ ਹੋਣ ਕਰਕੇ ਬੋਰਡ ਦੇ ਕਰਮਚਾਰੀਆਂ ਨੂੰ ਗਾਲਾਂ ਕੱਢੀਆਂ ਅਤੇ ਹੱਥੋਂਪਾਈ ਕੀਤੀ ਗਈ। ਇਸ ਤੋਂ ਇਲਾਵਾ ਕਰਮਚਾਰੀਆਂ ਦੇ ਹੱਥੋਂ ਸਰਕਾਰੀ ਦਸਤਾਵੇਜ਼ ਲੈ ਕੇ ਫਾੜ ਦੇਣ ਅਤੇ ਕਰਮਚਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਹਨ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਜੇਈ ਰਣਜੀਤ ਸਿੰਘ ਢਿੱਲੋਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਹ ਮੌਕੇ ’ਤੇ ਪਹੁੰਚੇ ਪਰ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਮੌਕੇ ਯੂਨੀਅਨ ਵੱਲੋਂ ਮੁਲਾਜ਼ਮਾਂ ਨਾਲ ਹੋਏ ਇਸ ਬਦਸਲੂਕੀ ਦੀ ਘਟਨਾ ਦੇ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਤੇ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਸੰਪਰਕ ਕਰਨ ’ਤੇ ਜੇਈ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇੰਨਾ ਜ਼ਿਆਦਾ ਵੱਡਾ ਕੋਈ ਮਾਮਲਾ ਨਹੀਂ ਹੈ ਅਤੇ ਕੰਮ ਕਰਦੇ ਸਮੇਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਕਾਕਾ ਸਿੰਘ, ਜੇਈ ਜਤਿੰਦਰ ਸਿੰਘ, ਜੇਈ ਸਤਬੀਰ ਸਿੰਘ, ਦਿਆ ਨੰਦ, ਜਸਵਿੰਦਰ ਸਿੰਘ, ਸੀਐੱਚਵੀ ਇੰਦਰਜੀਤ ਸਿੰਘ, ਗੁਰਸ਼ਰਨ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਤੇ ਹੋਰ ਮੁਲਾਜ਼ਮ ਮੌਜੂਦ ਸਨ।