
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਬਰੀ ਵਸੂਲੀ ਮੁੱਦੇ 'ਤੇ ਟੀਡੀਆਈ ਬਿਲਡਰ ਖ਼ਿਲਾਫ਼ ਦਿੱਤਾ ਧਰਨਾ

- ਬਿਲਡਰ 'ਤੇ ਗਮਾਡਾ ਦੀ ਮਿਲੀਭੁਗਤ ਨਾਲ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ,
ਮਹਾਲੀ : ਰੈਜ਼ੀਡੈਟਸ ਵੈੱਲਫੇਅਰ ਸੁਸਾਇਟੀ, ਸੈਕਟਰ-110 ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਵਸਨੀਕਾਂ ਵੱਲੋਂ ਟੀਡੀਆਈ ਬਿਲਡਰ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਐਮਐਲ ਸ਼ਰਮਾ, ਅਮਰਜੀਤ ਸਿੰਘ ਸ਼ੇਖੋਂ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ, ਹਰਪਾਲ ਸਿੰਘ, ਮੋਹਿਤ ਮਦਾਨ, ਸੰਜੇਵੀਰ, ਪ੍ਰਕਾਸ਼ ਸ਼ਰਮਾ, ਅਸ਼ਵਨੀ ਰਾਣਾ, ਹਰਜਿੰਦਰ ਸਿੰਘ, ਸੁਨੀਲ ਗੁਪਤਾ, ਅਰਵਿੰਦ ਸ਼ਰਮਾ, ਮਾਸਟਰ ਸੁਰਮੁੱਖ ਸਿੰਘ ਅਤੇ ਜਸਵੀਰ ਸਿੰਘ ਗੜਾਂਗ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਦੱਸਿਆ ਕਿ ਇਹ ਧਰਨਾ ਬਿਲਡਰ ਦੀਆਂ ਕਥਿਤ ਮਨਮਾਨੀਆਂ ਨੂੰ ਲੈ ਕੇ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਬਿਲਡਰ ਨੇ ਗਮਾਡਾ ਨਾਲ ਕਥਿਤ ਮਿਲੀਭੁਗਤ ਕਰਕੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਉੱਤੇ ਹੀ ਕਲੱਬ ਪਾਸ ਕਰਵਾ ਲਿਆ ਅਤੇ ਹੁਣ ਉਨ੍ਹਾਂ ਸੈਕਟਰਾਂ ’ਚ ਕਮਿਊਨਿਟੀ ਸੈਂਟਰ ਦੀ ਕੋਈ ਜਗ੍ਹਾ ਹੀ ਨਹੀਂ ਹੈ। ਲੋਕਾਂ ਕੋਲੋਂ ਕਲੱਬ ਦੀ ਲਾਈਫ਼ ਮੈਂਬਰਸ਼ਿਪ ਤੋਂ ਇਲਾਵਾ ਸਾਲਾਨਾ ਖ਼ਰਚੇ ਦੇ ਨਾਂ ’ਤੇ ਜ਼ਬਰੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਤੋਂ ਉਨ੍ਹਾਂ ਦੀਆਂ ਜਾਇਦਾਦਾਂ ਦੀ ਖਰੀਦੋ-ਫਰੋਖਤ ਵੇਲੇ ਐਨਓਸੀ ਦੇਣ ਦੀ ਆੜ ’ਚ ਵਰਤਮਾਨ ਵਸੂਲੀ ਦੇ ਨਾਲ-ਨਾਲ ਬੀਤ ਚੁੱਕੇ ਸਮੇਂ ਦੀ ਵੀ ਜ਼ਬਰੀ ਵਸੂਲੀ ਕੀਤੀ ਜਾਂਦੀ ਹੈ। ਜਦੋਂਕਿ ਉਨ੍ਹਾਂ ਲੋਕਾਂ ਨੇ ਕਲੱਬ ਦੀ ਵਰਤੋਂ ਕੀਤੀ ਹੀ ਨਹੀਂ ਹੁੰਦੀ। ਜਦੋਂ ਕੋਈ ਨਵਾਂ ਮੈਂਬਰ ਕਲੱਬ ਦੀ ਵਰਤੋਂ ਕਰਨ ਲਈ ਇਨ੍ਹਾਂ ਤੱਕ ਪਹੁੰਚ ਕਰਦਾ ਹੈ, ਉਸ ਤੋਂ ਵੀ ਪਿਛਲੇ ਸਾਲਾਂ ਦੇ ਖ਼ਰਚਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ, ਉਦੋਂ ਤੱਕ ਸਬੰਧਤ ਮੈਂਬਰ ਨੂੰ ਰਜਿਸਟਰ ਹੀ ਨਹੀਂ ਕੀਤਾ ਜਾਂਦਾ, ਜਦੋਂ ਤੱਕ ਉਹ ਪਿਛਲੇ ਸਮੇਂ ਦੇ ਖ਼ਰਚਿਆਂ ਦਾ ਭੁਗਤਾਨ ਨਹੀਂ ਕਰ ਦਿੰਦਾ। ਜਿਸ ਕਾਰਨ ਲੋਕਾਂ ’ਚ ਬਿਲਡਰ ਖ਼ਿਲਾਫ਼ ਭਾਰੀ ਰੋਸ ਅਤੇ ਗੁੱਸਾ ਹੈ।
ਇੱਥੇ ਹੀ ਬਸ ਨਹੀਂ ਪ੍ਰਾਪਰਟੀ ਦੇ ਤਬਾਦਲਿਆਂ ਸਮੇਂ ਵੀ ਮਨਮਰਜ਼ੀ ਦੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਨਾਨ-ਰਜਿਸਟਰੇਸ਼ਨ ਅਤੇ ਕਨਸਟ੍ਰੰਸ਼ਨ ਨਾ ਕਰਨ ਤੇ ਲੋਕਾਂ ਤੇ ਭਾਰੀ ਜੁਰਮਾਨੇ ਲਾਏ ਜਾਂਦੇ ਹਨ। ਲੋਕਾਂ ਤੋਂ ਮੈਂਟੇਨੈਂਸ ਲੈਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ, ਜਿਸ ਕਾਰਨ ਸੜਕਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਲੋਕਾਂ ਤੋਂ ਇਕੱਠੇ ਕੀਤੇ ਮੈਂਟੇਨੈਂਸ ਦੀ ਰਾਸ਼ੀ ਦੇ ਆਮਦਨ ਅਤੇ ਖਰਚ ਦੇ ਵੇਰਵੇ ਵੀ ਲੋਕਾਂ ਨੂੰ ਨਹੀਂ ਦੱਸੇ ਜਾਂਦੇ ਅਤੇ ਮਰਜ਼ੀ ਨਾਲ ਹੀ ਮੈਂਟੇਨੈਂਸ ਦੀ ਦਰ ’ਚ ਵਾਧਾ ਕਰ ਦਿੱਤਾ ਜਾਂਦਾ ਹੈ।
ਬਿਲਡਰ ਕੋਲ ਟਰੀਟਡ ਵਾਟਰ ਛੱਡਣ ਲਈ ਵੀ ਲੋੜੀਂਦੀ ਜਗ੍ਹਾ ਨਾ ਹੋਣ ਕਾਰਨ ਰੈਜੀਡੈਂਸ ਏਰੀਆ ਵਿਚ ਪਈ ਸਕੂਲ ਦੀ ਸਾਈਟ 'ਚ ਹੀ ਗੰਦਾ ਪਾਣੀ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਇਸ ਇਲਾਕੇ ਵਿਚ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਸੈਕਟਰਾਂ ਵਿਚ ਸਕਿਉਰਟੀ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ।
ਪਿਛਲੇ ਤਿੰਨ ਸਾਲਾਂ ਤੋਂ ਲੋੜੀਦੇ ਸਕਿਉਰਟੀ ਗਾਰਡ ਹੀ ਪੂਰੇ ਨਹੀਂ ਹਨ, ਜਿਸ ਕਾਰਨ ਇਸ ਇਲਾਕੇ ਵਿੱਚ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ। ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਲਡਰ ਨੇ ਆਪਣੀਆਂ ਮਨਮਾਨੀਆਂ ਬੰਦ ਨਾ ਕੀਤੀਆਂ ਅਤੇ ਸੁਸਾਇਟੀ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿਲਡਰ ਵਿਰੁੱਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਿਲਡਰ ਦੀ ਹੋਵੇਗੀ।