ਸੁਖਮਨੀ ਗਰੁੱਪ ਖ਼ਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ ਸੁਖਮਨੀ ਗਰੁੱਪ ਖ਼ਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ,
Publish Date: Tue, 15 Sep 2026 05:43 PM (IST)
Updated Date: Tue, 15 Sep 2026 05:44 PM (IST)
-ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਸ਼ੁੱਕਰਵਾਰ ਤੱਕ ਟਾਲਿਆ ਸੰਘਰਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੁਖਮਨੀ ਗਰੁੱਪ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਨੌਕਰੀ ਤੋਂ ਕੱਢੇ ਗਏ ਵਰਕਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵਿੱਢਿਆ ਗਿਆ ਸੰਘਰਸ਼ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪੀੜਤ ਮੁਲਾਜ਼ਮ ਪਿਛਲੇ ਛੇ ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੇ ਹਨ। ਉਨ੍ਹਾਂ ਨੇ ਕੜਕਦੀ ਗਰਮੀ ਅਤੇ ਬਰਸਾਤ ਦਾ ਸਮਾਂ ਟੈਂਟਾਂ ਹੇਠ ਬਿਤਾਇਆ ਹੈ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਅਣਦੇਖੀ ਕਾਰਨ ਹੁਣ ਆਸ-ਪਾਸ ਦੇ ਪਿੰਡਾਂ ਵਿਚ ਵੀ ਭਾਰੀ ਰੋਸ ਦੀ ਲਹਿਰ ਹੈ। ਇਸ ਸੰਘਰਸ਼ ਨੂੰ ਪਿੰਡਾਂ ਦੇ ਕਿਸਾਨਾਂ, ਪੀੜਤ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਬੁਲਾਰਿਆਂ ਨੇ ਸਥਾਨਕ ਹਾਕਮ ਪਾਰਟੀ ਦੇ ਵਿਧਾਇਕ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਵਿਧਾਇਕ ਨੇ ਇਕ ਵਾਰ ਵੀ ਪੀੜਤਾਂ ਦੀ ਸਾਰ ਨਹੀਂ ਲਈ। ਧਰਨੇ ਵਾਲੀ ਥਾਂ ਤੇ ਪਹੁੰਚੇ ਨਾਇਬ ਤਹਿਸੀਲਦਾਰ ਡੇਰਾਬੱਸੀ ਰਮਨਦੀਪ ਸਿੰਘ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸ਼ੁੱਕਰਵਾਰ ਤੱਕ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਪ੍ਰਸ਼ਾਸਨ ਦੇ ਇਸ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਸ਼ਾਂਤਮਈ ਤਰੀਕੇ ਨਾਲ ਮਿਥੇ ਸਮੇਂ ਤੱਕ ਉਡੀਕ ਕਰਨ ਦਾ ਐਲਾਨ ਕੀਤਾ ਹੈ। ਇਸ ਮੁਜ਼ਾਹਰੇ ਵਿਚ ਬੀਕੇਯੂ ਲੱਖੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਹਰੀ ਸਿੰਘ ਬਹੋੜਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਗੁਰਪ੍ਰੀਤ ਸਿੰਘ ਜਾਸਤਨਾ, ਹਰਜਿੰਦਰ ਸਿੰਘ ਬਸੌਲੀ, ਸੋਨੀ ਰਾਣੀ ਮਾਜਰਾ, ਜਗਤਾਰ ਸਿੰਘ ਝਰਮੜੀ, ਗੁਰਪਾਲ ਸਿੰਘ ਦੱਪਰ, ਬਲਜੀਤ ਸਿੰਘ, ਮਨਦੀਪ ਸਿੰਘ, ਸਰੋਜ ਰਾਣੀ ਅਤੇ ਗੁਰਬਿੰਦਰ ਸਿੰਘ ਚੌਂਦਹੇੜੀ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।