ਮੁਹਾਲੀ 'ਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ-ਵਪਾਰ ਦਾ ਪਰਦਾਫਾਸ਼, 2 ਪਰਚਾ ਮੁਹਾਲੀ 'ਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ-ਵਪਾਰ ਦਾ ਪਰਦਾਫਾਸ਼, 2 ਖ਼ਿਲਾਫ਼ ਪਰਚਾ ਦਰਜ
Publish Date: Fri, 02 Oct 2026 08:34 PM (IST)
Updated Date: Fri, 02 Oct 2026 08:37 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਪੁਲਿਸ ਨੇ ਸ਼ਹਿਰ ਵਿਚ ਗ਼ੈਰ-ਕਾਨੂੰਨੀ ਅਤੇ ਅਨੈਤਿਕ ਗਤੀਵਿਧੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦਿਆਂ ਸੈਕਟਰ-66 ਸਥਿਤ ਇਕ ਚਰਚਿਤ ਸਪਾ ਸੈਂਟਰ ’ਚ ਚੱਲ ਰਹੇ ਦੇਹ-ਵਪਾਰ ਦੇ ਅੱਡੇ ਦਾ ਭੰਡਾਫੋੜ ਕੀਤਾ ਹੈ। ਥਾਣਾ ਫੇਜ਼-11 ਦੀ ਪੁਲਿਸ ਨੇ ਮੌਕੇ ’ਤੇ ਛਾਪੇਮਾਰੀ ਕਰਕੇ ਸਪਾ ਸੰਚਾਲਕ ਅਤੇ ਇਕ ਗਾਹਕ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਗੁਪਤ ਸੂਚਨਾ ’ਤੇ ਪੁਲਿਸ ਦਾ ਛਾਪਾ, ਐੱਫ਼ਐੱਸਐੱਲ ਦੀ ਟੀਮ ਵੀ ਪਹੁੰਚੀ : ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਫੇਜ਼-11 ਥਾਣੇ ਦੇ ਐੱਸਐੱਚਓ ਇੰਸਪੈਕਟਰ ਅਮਨ ਬੈਦਵਾਨ ਦੀ ਅਗਵਾਈ ਹੇਠ ਪੁਲਿਸ ਨੂੰ ਪੁਖ਼ਤਾ ਖ਼ਬਰ ਮਿਲੀ ਸੀ ਕਿ ਸੈਕਟਰ-66 ਦੇ ਜੁਬਲੀ ਜੰਕਸ਼ਨ ਦੀ ਪਹਿਲੀ ਮੰਜ਼ਿਲ ਤੇ ਸਥਿਤ ‘ਕਿਓਰਾ ਸਪਾ ਐਂਡ ਬਿਊਟੀ’ ਸੈਂਟਰ ’ਚ ਮਸਾਜ ਦੀ ਆੜ ਹੇਠ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ਤੇ ਫੇਜ਼-11 ਥਾਣੇ ਦੀ ਪੁਲਿਸ ਟੀਮ ਨੇ ਦੇਰ ਸ਼ਾਮ ਸਪਾ ਸੈਂਟਰ ਤੇ ਅਚਾਨਕ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਅੰਦਰੋਂ ਕੁਝ ਲੜਕੀਆਂ ਅਤੇ ਗਾਹਕ ਮੌਜੂਦ ਮਿਲੇ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਨੇ ਮੌਕੇ ਤੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ਼ਐੱਸਐੱਲ) ਦੀ ਟੀਮ ਨੂੰ ਵੀ ਬੁਲਾਇਆ, ਜਿਨ੍ਹਾਂ ਨੇ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਸਪਾ ਮਾਲਕ ਅਤੇ ਗਾਹਕ ਨਾਮਜ਼ਦ : ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਮਾਮਲੇ ਵਿਚ ਦੋ ਮੁੱਖ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਪਛਾਣ ਕ੍ਰਿਸ਼ਨਾ ਪਦਮ ਸ਼ਰਮਾ (ਵਾਸੀ ਸੈਕਟਰ-66, ਮੁਹਾਲੀ) ਸਪਾ ਸੰਚਾਲਕ ਅਤੇ ਰਾਜੇਸ਼ ਮਹਿਤਾ (ਵਾਸੀ ਸੈਕਟਰ 46-ਬੀ, ਚੰਡੀਗੜ੍ਹ) ਗਾਹਕ ਵਜੋਂ ਹੋਈ ਹੈ। ਐੱਫਆਈਆਰ ਮੁਤਾਬਕ ਸਪਾ ਸੰਚਾਲਕ ਵੱਲੋਂ ਲੜਕੀਆਂ ਰਾਹੀਂ ਗਾਹਕਾਂ ਨੂੰ ਅਨੈਤਿਕ ਸੇਵਾਵਾਂ ਮੁਹੱਈਆ ਕਰਵਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਸੀ। ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ : ਡੀਐੱਸਪੀ ਹਰਸਿਮਰਨ ਸਿੰਘ ਬੱਲ ਦੀ ਨਿਗਰਾਨੀ ਹੇਠ ਥਾਣਾ ਫੇਜ਼-11 ਪੁਲਿਸ ਨੇ ਐੱਫ਼ਆਈਆਰ ਨੰ. 155 ਦਰਜ ਕਰਦਿਆਂ ਅਨੈਤਿਕ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਐੱਸਐੱਚਓ ਇੰਸਪੈਕਟਰ ਅਮਨ ਬੈਦਵਾਨ ਵੱਲੋਂ ਕੀਤੀ ਜਾ ਰਹੀ ਹੈ, ਜੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਅਗਲੇਰੀ ਕਾਨੂੰਨੀ ਚਾਰਾਜੋਈ ਵਿਚ ਜੁਟੇ ਹੋਏ ਹਨ। ਐੱਸਐੱਚਓ ਇੰਸਪੈਕਟਰ ਅਮਨ ਬੈਦਵਾਨ ਨੇ ਸਾਫ਼ ਕੀਤਾ ਹੈ ਕਿ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦਾ ਗ਼ੈਰ-ਕਾਨੂੰਨੀ ਧੰਦਾ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਅਜਿਹੇ ਅੱਡਿਆਂ ਖ਼ਿਲਾਫ਼ ਸਖ਼ਤ ਮੁਹਿੰਮ ਜਾਰੀ ਰਹੇਗੀ।