ਸਪਾ ਸੈਂਟਰਾਂ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫ਼ਾਸ਼ ; 3 ਸੰਚਾਲਕ ਗ੍ਰਿਫ਼ਤਾਰ, 2 ਫ਼ਰਾਰ ਸਪਾ ਸੈਂਟਰਾਂ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫ਼ਾਸ਼ ; 3 ਸੰਚਾਲਕ ਗ੍ਰਿਫ਼ਤਾਰ, 2 ਫ਼ਰਾਰ,
Publish Date: Sat, 03 Oct 2026 08:45 PM (IST)
Updated Date: Sat, 03 Oct 2026 08:46 PM (IST)
- ਰੁਜ਼ਗਾਰ ਦਾ ਝਾਂਸਾ ਦੇ ਕੇ ਬੁਲਾਈਆਂ ਜਾਂਦੀਆਂ ਸਨ ਲੜਕੀਆਂ, ਪੁਲਿਸ ਨੇ ਕਈ ਪੀੜਤਾਂ ਨੂੰ ਕਰਵਾਇਆ ਮੁਕਤ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਮੁਹਾਲੀ ਪੁਲਿਸ ਨੇ ਸ਼ਹਿਰ ਵਿਚ ਸਪਾ ਸੈਂਟਰਾਂ ਦੀ ਆੜ ਹੇਠ ਚੱਲ ਰਹੇ ਗ਼ੈਰ-ਕਾਨੂੰਨੀ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਕਈ ਲੜਕੀਆਂ ਨੂੰ ਦੇਹ ਵਪਾਰ ਦੇ ਜਾਲ ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਤਿੰਨ ਸੈਂਟਰ ਸੰਚਾਲਕਾਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਦਕਿ ਦੋ ਹੋਰ ਮੁਲਜ਼ਮ ਫ਼ਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ ਸੰਧੂ (ਵਾਸੀ ਕਰਨਾਲ), ਰਮਨਦੀਪ ਸਿੰਘ ਔਲਖ (ਵਾਸੀ ਕੁੰਬੜਾ), ਪੀਯੂਸ਼ ਸ਼ਰਮਾ (ਵਾਸੀ ਪਿੰਜੌਰ), ਕ੍ਰਿਸ਼ਨਾ ਪਦਮ ਸ਼ਰਮਾ (ਵਾਸੀ ਸੈਕਟਰ 66) ਅਤੇ ਰਾਜੇਸ਼ ਮਹਿਤਾ (ਵਾਸੀ ਸੈਕਟਰ 46, ਚੰਡੀਗੜ੍ਹ) ਵਜੋਂ ਹੋਈ ਹੈ। ਇਸ ਮਾਮਲੇ ਚ ਸ਼ਾਮਲ ਦੋ ਹੋਰ ਮੁਲਜ਼ਮ ਸੰਦੀਪ ਅਤੇ ਦੀਪਕ (ਦੋਵੇਂ ਵਾਸੀ ਸੈਕਟਰ 68) ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਦੀ ਰਣਨੀਤੀ ਅਤੇ ਕਾਰਵਾਈ : ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਅਤੇ ਐੱਸਪੀ ਸਿਟੀ ਦਿਲਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੀ। ਇਸੇ ਤਹਿਤ ਥਾਣਾ ਫੇਜ਼-8, ਸੋਹਾਣਾ ਅਤੇ ਫੇਜ਼-11 ਦੀਆਂ ਪੁਲਿਸ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਖ-ਵੱਖ ਸਪਾ ਸੈਂਟਰਾਂ ਚ ਰੇਡ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਪਾ ਸੈਂਟਰ ਮਾਲਕ ਹੋਰਨਾਂ ਰਾਜਾਂ ਦੀਆਂ ਮੁਟਿਆਰਾਂ ਨੂੰ ਚੰਗੀ ਨੌਕਰੀ ਅਤੇ ਮੋਟੀ ਕਮਾਈ ਦਾ ਲਾਲਚ ਦੇ ਕੇ ਬੁਲਾਉਂਦੇ ਸਨ ਅਤੇ ਬਾਅਦ ਚ ਉਨ੍ਹਾਂ ਨੂੰ ਜ਼ਬਰਦਸਤੀ ਇਸ ਨਾਜਾਇਜ਼ ਧੰਦੇ ਵਿਚ ਧੱਕ ਦਿੱਤਾ ਜਾਂਦਾ ਸੀ। ਵੱਖ-ਵੱਖ ਥਾਵਾਂ ਤੇ ਕੀਤੀ ਗਈ ਛਾਪੇਮਾਰੀ : ਗੋਲਡਨ ਫੈਮਿਲੀ ਸਪਾ (ਸੈਕਟਰ 79) : ਥਾਣਾ ਸੋਹਾਣਾ ਪੁਲਿਸ ਨੇ ਰੇਡ ਕਰਕੇ ਲੜਕੀਆਂ ਨੂੰ ਰੈਸਕਿਊ ਕੀਤਾ ਅਤੇ ਮੌਕੇ ਤੋਂ ਮੁਲਜ਼ਮ ਰਮਨਦੀਪ ਸਿੰਘ ਤੇ ਪੀਯੂਸ਼ ਸ਼ਰਮਾ ਨੂੰ ਕਾਬੂ ਕੀਤਾ। ਮੌਜੋ ਸਪਾ ਸੈਂਟਰ (ਸੈਕਟਰ 68) : ਥਾਣਾ ਫੇਜ਼-8 ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀਆਂ ਨੂੰ ਮੁਕਤ ਕਰਵਾਇਆ ਅਤੇ ਸੰਚਾਲਕ ਅਜੀਤ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ। ਕਿਓਰਾ ਸਪਾ ਅਤੇ ਬਿਊਟੀ ਸੈਂਟਰ : ਪੁਲਿਸ ਟੀਮ ਨੇ 3 ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸੈਂਟਰ ਚਲਾ ਰਹੇ ਕ੍ਰਿਸ਼ਨਾ ਪਦਮ ਸ਼ਰਮਾ ਤੇ ਰਾਜੇਸ਼ ਮਹਿਤਾ ਨੂੰ ਹਿਰਾਸਤ ਚ ਲਿਆ। ਡੀਐੱਸਪੀ ਬੱਲ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਚ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਇਮੀਗ੍ਰੇਸ਼ਨ ਦਫ਼ਤਰਾਂ ਖ਼ਿਲਾਫ਼ ਵੀ ਪੁਲਿਸ ਦੀ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ।