‘ਮੇਰਾ ਘਰ-ਮੇਰੇ ਨਾਮ’: ਪਿੰਡ ਮਿੱਢੇ ਮਾਜਰਾ ’ਚ 76 ਪਰਿਵਾਰਾਂ ਨੂੰ ਵੰਡੇ ਜਾਇਦਾਦ ਮਾਲਕੀ ਦੇ ਕਾਰਡ ਪਿੰਡ ਮਿੱਢੇ ਮਾਜਰਾ ’ਚ 76 ਪਰਿਵਾਰਾਂ ਨੂੰ ਵੰਡੇ ਜਾਇਦਾਦ ਮਾਲਕੀ ਦੇ ਕਾਰਡ
Publish Date: Fri, 16 Oct 2026 07:49 PM (IST)
Updated Date: Fri, 16 Oct 2026 07:51 PM (IST)
-ਸੀਐੱਮ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਲੋਕ ਆਪਣੀ ਜਾਇਦਾਦ ਦੇ ਅਸਲ ਮਾਲਕ ਬਣੇ : ਕੁਲਵੰਤ ਸਿੰਘ -ਮੁਹਾਲੀ ਹਲਕੇ ਦੇ 15 ਪਿੰਡਾਂ ’ਚ ਵੰਡੇ ਜਾ ਚੁੱਕੇ ਹਨ ਸੈਂਕੜੇ ਪ੍ਰਾਪਰਟੀ ਕਾਰਡ -ਪਿੰਡ ਮਿੱਢੇ ਮਾਜਰਾ ’ਚ ਨੌਜਵਾਨਾਂ ਦੀ ਮੰਗ ’ਤੇ ਛੇਤੀ ਬਣਾਇਆ ਜਾਵੇਗਾ ਖੇਡ ਮੈਦਾਨ: ਵਿਧਾਇਕ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਦੇਣ ਲਈ ਸ਼ੁਰੂ ਕੀਤੀ ਗਈ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਤਹਿਤ ਸ਼ੁੱਕਰਵਾਰ ਨੂੰ ਪਿੰਡ ਮਿੱਢੇ ਮਾਜਰਾ ਵਿਖੇ ਜਾਇਦਾਦ ਦਸਤਾਵੇਜ਼ ਵੰਡ ਸਮਾਗਮ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਵਾਸੀਆਂ ਨੂੰ ਲਾਲ ਡੋਰੇ ਅੰਦਰ ਵਾਲੀ ਜਾਇਦਾਦਾਂ ਦੇ ਮਾਲਕਾਨਾ ਹੱਕਾਂ ਸਬੰਧੀ ਸਰਕਾਰੀ ਦਸਤਾਵੇਜ਼ ਸੌਂਪੇ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਨੇ ਪਿੰਡ ਮਿੱਢੇ ਮਾਜਰਾ ਦੇ 76 ਪਰਿਵਾਰਾਂ ਨੂੰ ਜਾਇਦਾਦ ਮਾਲਕੀ ਦੇ ਕਾਰਡ ਵੰਡੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਹਲਕੇ ਦੇ 15 ਪਿੰਡਾਂ ’ਚ ਅਜਿਹੇ ਦਸਤਾਵੇਜ਼ ਵੰਡੇ ਜਾ ਚੁੱਕੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਲਾਲ ਡੋਰੇ ਅੰਦਰ ਰਹਿਣ ਵਾਲੇ ਲੋਕਾਂ ਲਈ ਇਕ ਬਹੁਤ ਹੀ ਮਹੱਤਵਪੂਰਨ ਅਤੇ ਇਨਕਲਾਬੀ ਕਦਮ ਹੈ। ਇਸ ਯੋਜਨਾ ਨਾਲ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਮਿਲ ਰਹੇ ਹਨ, ਜਿਸ ਨਾਲ ਉਹ ਹੁਣ ਆਪਣੀ ਜਾਇਦਾਦ ਤੇ ਬੈਂਕਾਂ ਤੋਂ ਕਰਜ਼ਾ ਲੈ ਸਕਣਗੇ ਅਤੇ ਜਾਇਦਾਦ ਨਾਲ ਜੁੜੇ ਆਪਸੀ ਵਿਵਾਦਾਂ ਦਾ ਵੀ ਨਿਪਟਾਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਹਰ ਨਾਗਰਿਕ ਨੂੰ ਉਸ ਦਾ ਬਣਦਾ ਹੱਕ ਅਤੇ ਸੁਰੱਖਿਆ ਪ੍ਰਦਾਨ ਕਰਨਾ ਹੈ। ਕਾਗਜ਼ਾਤ ਮਿਲਣ ਤੋਂ ਬਾਅਦ ਪਿੰਡ ਮਿੱਢੇ ਮਾਜਰਾ ਦੇ ਲਾਭਪਾਤਰੀਆਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਪੈਦਾ ਹੋਣ ਵਾਲੇ ਵਿਵਾਦਾਂ ਨੂੰ ਘਟਾਉਣ ’ਚ ਮਦਦ ਮਿਲੇਗੀ। ਜਾਇਦਾਦ ਸਬੰਧੀ ਮਾਲਕੀ ਦਸਤਾਵੇਜ਼ ਉਪਲਬਧ ਹੋਣ ਨਾਲ ਪਰਿਵਾਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ’ਚ ਸਹੂਲਤ ਮਿਲੇਗੀ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਇਸ ਯੋਜਨਾ ਤਹਿਤ ਸਰਕਾਰੀ ਨੁਮਾਇੰਦਿਆਂ ਵੱਲੋਂ ਬਕਾਇਦਾ ਸਰਵੇਖਣ ਕਰਕੇ ਮਾਲਕੀ ਦਸਤਾਵੇਜ਼ ਤਿਆਰ ਕਰਵਾਏ ਗਏ ਹਨ। ਲਾਭਪਾਤਰੀਆਂ ਨੂੰ ਆਪਣੇ ਦਸਤਾਵੇਜ਼ ਪ੍ਰਾਪਤ ਕਰਨ ਲਈ ਅਦਾਲਤਾਂ ਜਾਂ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪਏ ਅਤੇ ਨਾ ਹੀ ਇਸ ਪ੍ਰਕਿਰਿਆ ਲਈ ਉਨ੍ਹਾਂ ਨੂੰ ਕੋਈ ਖ਼ਰਚਾ ਕਰਨਾ ਪਿਆ। ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਰਪੰਚ ਮਲਕੀਤ ਕੌਰ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਪੰਚ, ਬਲਾਕ ਪ੍ਰਧਾਨ ਸਤਨਾਮ ਸਿੰਘ, ਅਕਬਿੰਦਰ ਸਿੰਘ ਗੋਸਲ, ਅਮਰਜੀਤ ਸਿੰਘ ਸਿੱਧੂ, ਜਗਤਾਰ ਸਿੰਘ ਗੁਡਾਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।