ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੋਵੇ ਨਿਪਟਾਰਾ : ਵਿਧਾਇਕ ਰੰਧਾਵਾ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੋਵੇ ਨਿਪਟਾਰਾ : ਵਿਧਾਇਕ ਰੰਧਾਵਾ,
Publish Date: Thu, 29 Oct 2026 10:17 PM (IST)
Updated Date: Thu, 29 Oct 2026 10:19 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੀਰਵਾਰ ਨੂੰ ਜ਼ੀਰਕਪੁਰ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ, ਮੀਤ ਪ੍ਰਧਾਨ, ਸਮੂਹ ਕੌਂਸਲਰ, ਵਾਰਡ ਇੰਚਾਰਜਾਂ ਤੋਂ ਇਲਾਵਾ ਨਗਰ ਕੌਂਸਲ ਅਤੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਬੈਠਕ ਦੌਰਾਨ ਵਿਧਾਇਕ ਰੰਧਾਵਾ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ਤੇ ਇਲਾਕਿਆਂ ਤੋਂ ਪਹੁੰਚੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਬਾਰੀਕੀ ਨਾਲ ਸੁਣਿਆ। ਉਨ੍ਹਾਂ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਲੋਕਾਂ ਦੇ ਮਸਲਿਆਂ ਦੇ ਤੁਰੰਤ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਵਿਧਾਇਕ ਰੰਧਾਵਾ ਨੇ ਨਗਰ ਕੌਂਸਲ ਦੇ ਨੁਮਾਇੰਦਿਆਂ, ਵਾਰਡ ਇੰਚਾਰਜਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਅਤੇ ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ ਤੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਸਰਕਾਰੀ ਕੰਮਕਾਜ ਅਤੇ ਨਾਗਰਿਕ ਸਹੂਲਤਾਂ ਲਈ ਦਫ਼ਤਰਾਂ ਦੇ ਬੇਲੋੜੇ ਗੇੜੇ ਨਾ ਮਾਰਨੇ ਪੈਣ। ਪ੍ਰਸ਼ਾਸਨਿਕ ਕੰਮਾਂ ’ਚ ਪਾਰਦਰਸ਼ਤਾ ਤੇ ਤੇਜ਼ੀ ਲਿਆਉਣ ਲਈ ਸਾਰੀਆਂ ਧਿਰਾਂ ਨੂੰ ਆਪਸੀ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ। ਇਸ ਦੌਰਾਨ ਬਿਜਲੀ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ, ਜਿਵੇਂ ਕਿ ਬਿਜਲੀ ਦੀ ਸੁਚਾਰੂ ਸਪਲਾਈ, ਨਿਕਾਸੀ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕ ਰੰਧਾਵਾ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨ-ਕਲਿਆਣਕਾਰੀ ਯੋਜਨਾਵਾਂ ਅਤੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਵਰਕਰ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਰਾਬਤਾ ਬਣਾਉਣ ਤਾਂ ਜੋ ਹਰ ਲੋੜਵੰਦ ਅਤੇ ਆਮ ਨਾਗਰਿਕ ਸਰਕਾਰੀ ਸਹੂਲਤਾਂ ਤੇ ਯੋਜਨਾਵਾਂ ਦਾ ਪੂਰਾ ਲਾਭ ਉਠਾ ਸਕੇ। ਇਸ ਮੌਕੇ ਸਥਾਨਕ ਕੌਂਸਲਰਾਂ ਅਤੇ ਪਾਰਟੀ ਆਗੂਆਂ ਨੇ ਵਿਧਾਇਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੀ ਨੁਹਾਰ ਬਦਲਣ ਅਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹਨ।