- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਮਹਾ-ਰੈਲੀ ਦੀਆਂ ਤਿਆਰੀਆਂ ਮੁਕੰਮਲ, ਮੁਲਾਜ਼ਮ ਵਰਗ ਦੀ ਲਾਮਬੰਦੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਵੱਲੋਂ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਦੀ ਕੋਰ ਕਮੇਟੀ ਦੀ ਮੀਟਿੰਗ ਮੁਲਾਜ਼ਮ ਆਗੂ ਐੱਨਡੀ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਚਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਤਾਲਮੇਲ ਕਮੇਟੀ ਦੀ ਮੀਟਿੰਗ ’ਚ ਹੋਏ ਫ਼ੈਸਲਿਆਂ ਨੂੰ ਲਾਗੂ ਕਰਦੇ ਹੋਏ ਫੈਡਰੇਸ਼ਨ ਵਿਗਿਆਨਿਕ ਦੇ ਜ਼ਿਲ੍ਹਾ ਮੁਹਾਲੀ ਯੂਨਿਟ ਨੇ ਮਹਾ-ਰੈਲੀ ਨੂੰ ਸਫ਼ਲ ਬਣਾਉਣ ਲਈ ਅਗਾਊਂ ਤਿਆਰੀਆਂ ਨੂੰ ਮੁਕੰਮਲ ਕਰਦਿਆਂ ਮੁਹਾਲੀ ਜ਼ਿਲ੍ਹੇ ’ਚੋਂ ਵੱਡੀ ਗਿਣਤੀ ’ਚ ਮਹਾ-ਰੈਲੀ ’ਚ ਪਹੁੰਚਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੱਟੜ ਇਮਾਨਦਾਰ ਸਰਕਾਰ ਨੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਝੂਠੇ ਹਲਫ਼ਨਾਮੇ ਜਮ੍ਹਾਂ ਕਰਵਾਏ ਗਏ। ਜਿਸ ਕਾਰਨ ਪੰਜਾਬ ਦੇ ਮੁੱਖ ਸਕੱਤਰ ਨੂੰ ਵਾਰ-ਵਾਰ ਹਾਈ ਕੋਰਟ ’ਚ ਪੇਸ਼ ਹੋਣਾ ਪੈ ਰਿਹਾ ਹੈ ਅਤੇ ਮੁਆਫ਼ੀ ਮੰਗਣ ਤੱਕ ਦੀ ਨੌਬਤ ਆ ਗਈ ਹੈ ਜਦੋਂਕਿ ਡੀਏ ਦੇਣ ਦੇ ਮੁੱਦੇ ’ਤੇ ਸਰਕਾਰ ਨੇ ਚੁੱਪ ਧਾਰ ਲਈ ਹੈ। ਇਸ ਲਈ ਪੂਰਾ 18 ਫੀਸਦੀ ਡੀਏ ਬਕਾਏ ਸਮੇਤ ਲੈਣ ਲਈ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, 15 ਜਨਵਰੀ 2015 ਤੇ 17 ਜੁਲਾਈ 2020 ਦਾ ਪੱਤਰ ਰੱਦ ਕਰਵਾਉਣ ਲਈ,ਪੈਨਸ਼ਨਰਾਂ ਦਾ 2:59 ਗੁਣਾਂਕ ਲਾਗੂ ਕਰਵਾਉਣ ਲਈ,ਪੇਂਡੂ ਭੱਤੇ ਸਮੇਤ 37 ਭੱਤੇ ਬਹਾਲ ਕਰਵਾਉਣ ਤੇ 200 ਰੁਪਏ ਜਜ਼ੀਆ ਟੈਕਸ ਬੰਦ ਕਰਵਾਉਣ ਲਈ ਮਹਾਰੈਲੀ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ। ਇਸ ਮੌਕੇ ਗੁਰਜੀਤ ਸਿੰਘ, ਧਰਮਿੰਦਰ ਠਾਕਰੇ, ਲੈਕਚਰਾਰ ਗੁਰਸ਼ਰਨ ਸਿੰਘ, ਕਮਲ ਕੁਮਾਰ, ਹਰੀਸ਼ ਕੁਮਾਰ, ਸੁਖਪਾਲ ਕੌਰ, ਮੁਹੰਮਦ ਸੁਲੇਮਾਨ ਸਮੇਤ ਹੋਰ ਅਧਿਆਪਕ ਅਤੇ ਮੁਲਾਜ਼ਮ ਮੌਜੂਦ ਸਨ।