ਮੁਹਾਲੀ ’ਚ ਨਾਜਾਇਜ਼ ਢਾਬਿਆਂ ਤੇ ਕੁਨੈਕਸ਼ਨਾਂ ਖ਼ਿਲਾਫ਼ ਸਖ਼ਤੀ ਦੀ ਤਿਆਰੀ
ਮੁਹਾਲੀ 'ਚ ਨਾਜਾਇਜ਼ ਢਾਬਿਆਂ ਅਤੇ ਕੁਨੈਕਸ਼ਨਾਂ ਖ਼ਿਲਾਫ਼ ਸਖ਼ਤੀ ਦੀ ਤਿਆਰੀ
Publish Date: Tue, 31 Mar 2026 08:53 PM (IST)
Updated Date: Wed, 01 Apr 2026 04:19 AM (IST)

ਸੀਵਰੇਜ ਜਾਮ ਤੇ ਗੰਦਗੀ ਕਾਰਨ ਸ਼ਹਿਰ ਦੇ ਹਾਲਾਤ ਵਿਗੜੇ ਨਗਰ ਨਿਗਮ ਤੇ ਜਲ ਸਪਲਾਈ ਵਿਭਾਗ ਐਕਸ਼ਨ ਦੇ ਮੂਡ ’ਚ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ’ਚ ਬੁਨਿਆਦੀ ਸਹੂਲਤਾਂ ਦੀ ਮਾੜੀ ਹਾਲਤ ਨੇ ਪ੍ਰਸ਼ਾਸਨ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਤੇ ਸੈਕਟਰਾਂ ’ਚ ਸੀਵਰੇਜ ਜਾਮ, ਗੰਦਗੀ ਤੇ ਅਵਿਵਸਥਾ ਤੋਂ ਲੋਕ ਬੇਹੱਦ ਪਰੇਸ਼ਾਨ ਹਨ। ਹੁਣ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਮੇਤ ਨਗਰ ਨਿਗਮ ਨੇ ਆਪਣੇ ਅਧੀਨ ਆਉਂਦੇ ਇਲਾਕਿਆਂ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਢਾਬਿਆਂ ਤੇ ਗ਼ੈਰ-ਕਾਨੂੰਨੀ ਪਾਣੀ ਦੇ ਕੁਨੈਕਸ਼ਨਾਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢਣ ਦੀ ਤਿਆਰੀ ਕਰ ਲਈ ਹੈ। ਬਾਕਸ-- ਫੂਡ ਵੇਸਟ ਬਣਿਆ ਸੀਵਰੇਜ ਜਾਮ ਦਾ ਮੁੱਖ ਕਾਰਨ : ਜਾਣਕਾਰੀ ਅਨੁਸਾਰ ਫੇਜ਼-3ਬੀ-2, ਫੇਜ਼-5, ਫੇਜ਼-7, ਫੇਜ਼-10 ਅਤੇ ਸੈਕਟਰ-78, ਫੇਜ਼-79, ਫੇਜ਼-80 ਸਮੇਤ ਕਈ ਇਲਾਕਿਆਂ ’ਚ ਸ਼ੋਅਰੂਮਾਂ ਦੇ ਅੰਦਰ ਕਥਿਤ ਤੌਰ ’ਤੇ ਨਾਜਾਇਜ਼ ਹੋਟਲ ਤੇ ਢਾਬੇ ਚਲਾਏ ਜਾ ਰਹੇ ਹਨ। ਇਨ੍ਹਾਂ ਢਾਬਿਆਂ ਤੋਂ ਨਿਕਲਣ ਵਾਲੀ ਜੂਠ ਤੇ ਖਾਣ-ਪੀਣ ਦੀ ਰਹਿੰਦ-ਖੂੰਹਦ (ਫੂਡ ਵੇਸਟ) ਸਿੱਧਾ ਸੀਵਰੇਜ ਲਾਈਨਾਂ ’ਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸੀਵਰੇਜ ਸਿਸਟਮ ਵਾਰ-ਵਾਰ ਜਾਮ ਹੋ ਰਿਹਾ ਹੈ। ਇਸ ਕਾਰਨ ਗਲੀਆਂ ਤੇ ਸੜਕਾਂ ’ਤੇ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ, ਜੋ ਸਥਾਨਕ ਨਾਗਰਿਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬਾਕਸ-- ਬੂਥ ਮਾਰਕੀਟਾਂ ਤੇ ਵੀ ਕੱਸਿਆ ਜਾਵੇਗਾ ਸ਼ਿਕੰਜਾ : ਸ਼ਹਿਰ ਦੀਆਂ ਬੂਥ ਮਾਰਕੀਟਾਂ ’ਚ ਵੀ ਬਿਨਾਂ ਮਨਜ਼ੂਰੀ ਦੇ ਪਾਣੀ ਦੇ ਕੁਨੈਕਸ਼ਨ ਲੈ ਕੇ ਖਾਣ-ਪੀਣ ਦੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ। ਇਸ ਨਾਲ ਸੀਵਰੇਜ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਨਾਜਾਇਜ਼ ਕੁਨੈਕਸ਼ਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਨਾਜਾਇਜ਼ ਕੁਨੈਕਸ਼ਨ ਕੱਟਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜੁਰਮਾਨੇ ਅਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਕਸ-- ਅਧੂਰੇ ਵਿਕਾਸ ਕਾਰਜਾਂ ਨੇ ਵਧਾਈ ਮੁਸ਼ਕਲ : ਸ਼ਹਿਰ ਦੇ ਕਈ ਹਿੱਸਿਆਂ ’ਚ ਅਧੂਰੇ ਪਏ ਵਿਕਾਸ ਕਾਰਜ ਵੀ ਪਰੇਸ਼ਾਨੀ ਦਾ ਵੱਡਾ ਕਾਰਨ ਬਣੇ ਹੋਏ ਹਨ। ਫੇਜ਼-5 ਤੇ ਫੇਜ਼-3ਬੀ-2 ਦੀ ਮਾਰਕੀਟ ਵਿਚ ਕੁਝ ਥਾਵਾਂ ’ਤੇ ਵੱਡੀਆਂ ਸੀਵਰੇਜ ਪਾਈਪਾਂ ਤਾਂ ਪਾਈਆਂ ਗਈਆਂ ਹਨ ਪਰ ਕਈ ਬਲਾਕਾਂ ਵਿਚ ਕੰਮ ਹਾਲੇ ਵੀ ਅਧੂਰਾ ਪਿਆ ਹੈ। ਇਸ ਕਾਰਨ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਬਾਕਸ : ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ : ਐਕਸੀਅਨ ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਮਾਈਕਲ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਲਈ ਕਾਫ਼ੀ ਗੰਭੀਰ ਹੈ ਤੇ ਇਸ ਪ੍ਰੋਜੈਕਟ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਝ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਪੁਰਾਣੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾਈ ਜਾਵੇਗੀ ਤੇ ਰੋਡ ਗਲੀਆਂ ਦੀ ਸਫ਼ਾਈ ਲਈ ਨਗਰ ਨਿਗਮ ਤੇ ਗਮਾਡਾ ਨੂੰ ਕਿਹਾ ਜਾਵੇਗਾ।