ਰਾਜ ਪੱਧਰੀ ਕੁਸ਼ਤੀ ’ਚ ਪ੍ਰਭਜੋਤ ਨੇ ਜਿੱਤਿਆ ਚਾਂਦੀ ਦਾ ਤਮਗਾ ਰਾਜ ਪੱਧਰੀ ਕੁਸ਼ਤੀ 'ਚ ਪ੍ਰਭਜੋਤ ਨੇ ਜਿੱਤਿਆ ਚਾਂਦੀ ਦਾ ਤਗ਼ਮਾ
Publish Date: Wed, 23 Sep 2026 08:22 PM (IST)
Updated Date: Wed, 23 Sep 2026 08:24 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਦੀ ਹੋਣਹਾਰ ਵਿਦਿਆਰਥਣ ਪ੍ਰਭਜੋਤ ਨੇ ਅੰਡਰ-14 ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ ਹੈ। ਖੇਡਾਂ ਦੇ ਖੇਤਰ ਵਿਚ ਪ੍ਰਭਜੋਤ ਵੱਲੋਂ ਹਾਸਲ ਕੀਤੀ ਇਸ ਵੱਡੀ ਉਪਲਬਧੀ ਨਾਲ ਨਾ ਕੇਵਲ ਸਕੂਲ ਪ੍ਰਬੰਧਨ ਸਗੋਂ ਪੂਰੇ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਰੋਮਾਂਚਕ ਮੁਕਾਬਲਿਆਂ ਦੌਰਾਨ ਪ੍ਰਭਜੋਤ ਨੇ ਬੇਮਿਸਾਲ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਚਾਰ ਮੈਚਾਂ ਵਿਚ ਵਿਰੋਧੀ ਖਿਡਾਰੀਆਂ ਨੂੰ ਮਾਤ ਦਿੱਤੀ ਅਤੇ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਫਾਈਨਲ ਮੁਕਾਬਲੇ ਵਿਚ ਵੀ ਉਸ ਨੇ ਪੂਰੇ ਜਜ਼ਬੇ, ਦ੍ਰਿੜ੍ਹ ਇਰਾਦੇ ਅਤੇ ਖੇਡ ਭਾਵਨਾ ਨਾਲ ਮੁਕਾਬਲਾ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦੇ ਮੈਡਲ ਤੇ ਕਬਜ਼ਾ ਜਮਾਇਆ। ਸਕੂਲ ਦੀ ਪ੍ਰਿੰਸੀਪਲ ਬਿੰਦੂ ਪੁਰੀ ਨੇ ਪ੍ਰਭਜੋਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਪ੍ਰਭਜੋਤ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਪਿਆਂ ਦਾ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਹੀ ਬੱਚਿਆਂ ਦੀ ਸਫ਼ਲਤਾ ਦਾ ਆਧਾਰ ਬਣਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਹਾਲੀ ਡਾ. ਗਿੰਨੀ ਦੁੱਗਲ ਨੇ ਵੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਭਜੋਤ ਵਰਗੀਆਂ ਹੋਣਹਾਰ ਖਿਡਾਰਨਾਂ ਆਪਣੇ ਪ੍ਰਦਰਸ਼ਨ ਨਾਲ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਭਜੋਤ ਦੀ ਇਸ ਪ੍ਰਾਪਤੀ ਤੇ ਮਾਣ ਜਤਾਉਂਦਿਆਂ ਉਸ ਨੂੰ ਆਗਾਮੀ ਖੇਡਾਂ ਵਿਚ ਹੋਰ ਵੱਡੀਆਂ ਬੁਲੰਦੀਆਂ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।