ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ, ਪੀਐੱਸਪੀਸੀਐੱਲ ਨੇ ਮੁਰੰਮਤ ਦਾ ਕੰਮ ਕੀਤਾ ਸ਼ੁਰੂ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ, ਪੀਐੱਸਪੀਸੀਐੱਲ ਨੇ ਮੁਰੰਮਤ ਦਾ ਕੰਮ ਕੀਤਾ ਸ਼ੁਰੂ
Publish Date: Sun, 23 Aug 2026 08:12 PM (IST)
Updated Date: Mon, 24 Aug 2026 04:07 AM (IST)
ਫੋਟੋ ਕੈਪਸ਼ਨ : ਟੁੱਟੇ ਹੋਏ ਖੰਭੇ ਦੀ ਥਾਂ ’ਤੇ ਨਵਾਂ ਖੰਭਾ ਲਗਾਉਂਦੇ ਹੋਏ ਪੀਐੱਸਪੀਸੀਐੱਲ ਦੇ ਕਾਮੇ। 23ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਰ-ਵਾਰ ਬੰਦ ਹੋ ਰਹੀ ਬਿਜਲੀ ਸਪਲਾਈ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਥਿਤੀ ਸਪੱਸ਼ਟ ਕਰਦਿਆਂ ਖਪਤਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਹਾਲ ਹੀ ਵਿਚ ਇਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ 11 ਕੇਵੀ ਬਿਜਲੀ ਲਾਈਨ ਦੇ ਦੋ ਖੰਭੇ ਬੁਰੇ ਤਰੀਕੇ ਨਾਲ ਟੁੱਟ ਗਏ ਸਨ। ਇਹ ਖੰਭੇ ਮੁੱਖ ਤੌਰ ਤੇ ਐਕਮੇ ਅਤੇ ਜੈਪੁਰਿਆ ਫੀਡਰ ਨਾਲ ਜੁੜੇ ਹੋਏ ਹਨ, ਜਿਸ ਕਾਰਨ ਖੇਤਰ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੋਈ ਸੀ। ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੰਭੇ ਟੁੱਟਣ ਤੋਂ ਤੁਰੰਤ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਲਈ ਪ੍ਰਭਾਵਿਤ ਖੇਤਰ ਦਾ ਕੁਝ ਬੋਝ (ਬਿਜਲੀ ਲੋਡ) ਆਸ-ਪਾਸ ਦੇ ਹੋਰਨਾਂ ਫੀਡਰਾਂ ਤੇ ਪਾ ਦਿੱਤਾ ਗਿਆ ਸੀ। ਇਸ ਬਦਲਵੇਂ ਪ੍ਰਬੰਧ ਕਾਰਨ ਦੂਜੇ ਫੀਡਰਾਂ ਤੇ ਓਵਰਲੋਡਿੰਗ ਹੋ ਗਈ, ਜਿਸ ਕਰਕੇ ਇਲਾਕੇ ਚ ਵਾਰ-ਵਾਰ ਟ੍ਰਿਪਿੰਗ ਅਤੇ ਬਿਜਲੀ ਗੁੱਲ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਸੀ। ਵਿਭਾਗ ਨੇ ਦੱਸਿਆ ਕਿ ਹੁਣ ਇਸ ਸਮੱਸਿਆ ਦੇ ਸਥਾਈ ਹੱਲ ਲਈ ਦੋਵੇਂ ਟੁੱਟੇ ਹੋਏ 11 ਕੇਵੀ ਖੰਭਿਆਂ ਨੂੰ ਬਦਲਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਨਿਯਮਾਂ ਅਨੁਸਾਰ ਪਰਮਿਟ-ਟੂ-ਵਰਕ ਲਿਆ ਗਿਆ ਹੈ। ਬਿਜਲੀ ਵਿਭਾਗ ਦੀ ਤਕਨੀਕੀ ਟੀਮ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਨਵੇਂ ਖੰਭੇ ਲਗਾਉਣ ਅਤੇ ਲਾਈਨਾਂ ਦੀ ਮੁਰੰਮਤ ਕਰਨ ਵਿਚ ਜੁਟੀ ਹੋਈ ਹੈ। ਪੀਐੱਸਪੀਸੀਐੱਲ ਨੇ ਆਸ ਪ੍ਰਗਟਾਈ ਹੈ ਕਿ ਮੁਰੰਮਤ ਦਾ ਕੰਮ ਮੁਕੰਮਲ ਹੁੰਦੇ ਹੀ ਬਿਜਲੀ ਸਪਲਾਈ ਪਹਿਲਾਂ ਨਾਲੋਂ ਵੀ ਵਧੇਰੇ ਬਿਹਤਰ ਅਤੇ ਨਿਰਵਿਘਨ ਹੋ ਜਾਵੇਗੀ। ਵਿਭਾਗ ਨੇ ਇਸ ਦੌਰਾਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟ ਕਰਦਿਆਂ ਮੁਰੰਮਤ ਦੇ ਕੰਮ ਦੌਰਾਨ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।