ਮਿਸਟ ਸੁਸਾਇਟੀ ਵਿਚ 9 ਘੰਟੇ ਬਿਜਲੀ ਗੁੱਲ, ਲੋਕਾਂ ਨੂੰ ਝੱਲਣੀ ਪਈ ਭਾਰੀ ਪਰੇਸ਼ਾਨੀ
ਮਿਸਟ ਸੁਸਾਇਟੀ ਵਿਚ 9 ਘੰਟੇ ਰਹੀ ਬਿਜਲੀ ਗੁੱਲ, ਲੋਕਾਂ ਨੂੰ ਝੱਲਣੀ ਪਈ ਭਾਰੀ ਪਰੇਸ਼ਾਨੀ
Publish Date: Tue, 31 Mar 2026 09:46 PM (IST)
Updated Date: Wed, 01 Apr 2026 04:19 AM (IST)

ਸਿਰਫ਼ 500 ਮੀਟਰ ਦੀ ਦੂਰੀ ’ਤੇ ਗਰਿੱਡ ਹੋਣ ਦੇ ਬਾਵਜੂਦ ਫਾਲਟ ਲੱਭਣ ’ਚ ਲੱਗੇ ਕਈ ਘੰਟੇ ਪਾਵਰਕਾਮ ਦੇ ਐਕਸੀਅਨ ਦੇ ਦਖ਼ਲ ਤੋਂ ਬਾਅਦ ਬਹਾਲ ਹੋਈ ਸਪਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੀ ਨਾਭਾ-ਭਬਾਤ ਰੋਡ ਤੇ ਸਥਿਤ ਮਿਸਟ ਸੁਸਾਇਟੀ ਦੇ ਨਿਵਾਸੀਆਂ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਸੁਸਾਇਟੀ ਦੀ ਬਿਜਲੀ ਸਪਲਾਈ ਲਗਾਤਾਰ 9 ਘੰਟਿਆਂ ਤੱਕ ਠੱਪ ਰਹੀ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲਗਾਏ ਗਏ ਇਸ ਲੰਬੇ ਕੱਟ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਘਰਾਂ ਤੋਂ ਕੰਮ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਹੈਰਾਨੀ ਦੀ ਗੱਲ ਇਹ ਰਹੀ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਘੰਟਿਆਂ ਤੱਕ ਫਾਲਟ ਦਾ ਪਤਾ ਲਗਾਉਣ ਵਿਚ ਹੀ ਅਸਮਰੱਥ ਰਹੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਨਿਵਾਸੀਆਂ ਨੇ ਦੱਸਿਆ ਕਿ ਦੁਪਹਿਰ ਅਚਾਨਕ ਬਿਜਲੀ ਦੀ ਸਪਲਾਈ ਬੰਦ ਹੋ ਗਈ। ਜਦੋਂ ਉਨ੍ਹਾਂ ਨੇ ਸਥਾਨਕ ਬਿਜਲੀ ਮੁਲਾਜ਼ਮਾਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਨਿਵਾਸੀਆਂ ਦਾ ਦੋਸ਼ ਹੈ ਕਿ ਸਬੰਧਤ ਅਧਿਕਾਰੀਆਂ ਨੇ ਮਾਮਲੇ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਵਾਰ-ਵਾਰ ਪਾਵਰ ਗਰਿੱਡ ਦੇ ਚੱਕਰ ਲਗਵਾਏ। ਨਿਵਾਸੀਆਂ ਨੇ ਕਿਹਾ ਕਿ ਸਭ ਤੋਂ ਨਿਰਾਸ਼ਾਜਨਕ ਗੱਲ ਇਹ ਹੈ ਕਿ ਪਾਵਰ ਗਰਿੱਡ ਸੁਸਾਇਟੀ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਸਥਿਤ ਹੈ, ਫਿਰ ਵੀ ਵਿਭਾਗ ਨੂੰ ਫਾਲਟ ਲੱਭਣ ਅਤੇ ਬਿਜਲੀ ਬਹਾਲ ਕਰਨ ਵਿਚ ਘੰਟਿਆਂਬੱਧੀ ਸਮਾਂ ਲੱਗ ਗਿਆ। ਇਸ ਇਲਾਕੇ ਵਿਚ ਅਣ-ਐਲਾਨੇ ਬਿਜਲੀ ਕੱਟ ਹੁਣ ਇਕ ਰੋਜ਼ਾਨਾ ਦੀ ਸਮੱਸਿਆ ਬਣ ਚੁੱਕੀ ਹੈ। ਬਾਕਸ-- ਐਕਸੀਅਨ ਦੇ ਦਖ਼ਲ ਤੋਂ ਬਾਅਦ ਹਰਕਤ ਵਿਚ ਆਇਆ ਵਿਭਾਗ : ਵਸਨੀਕਾਂ ਨੇ ਦੱਸਿਆ ਕਿ ਜਦੋਂ ਸਥਾਨਕ ਪੱਧਰ ਤੇ ਕੋਈ ਸੁਣਵਾਈ ਨਾ ਹੋਈ ਅਤੇ ਅਧਿਕਾਰੀ ਟਾਲ-ਮਟੋਲ ਕਰਦੇ ਰਹੇ, ਤਾਂ ਪਰੇਸ਼ਾਨ ਹੋ ਕੇ ਸੁਸਾਇਟੀ ਦੇ ਲੋਕਾਂ ਨੇ ਸਿੱਧਾ ਜ਼ੀਰਕਪੁਰ ਦੇ ਬਿਜਲੀ ਵਿਭਾਗ ਦੇ ਐਕਸੀਅਨ ਨਾਲ ਸੰਪਰਕ ਸਾਧਿਆ। ਉਨ੍ਹਾਂ ਨੂੰ ਗਰਾਊਂਡ ਜ਼ੀਰੋ ਦੇ ਹਾਲਾਤਾਂ ਅਤੇ ਲੋਕਾਂ ਦੀ ਖੱਜਲ-ਖੁਆਰੀ ਬਾਰੇ ਜਾਣੂ ਕਰਵਾਇਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਕਸੀਅਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਹੇਠਲੇ ਸਟਾਫ਼ ਨੂੰ ਨਿਰਦੇਸ਼ ਜਾਰੀ ਕੀਤੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਗਲੇ ਅੱਧੇ ਘੰਟੇ ਵਿਚ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ। ਬਾਕਸ ਰਾਤ ਨੂੰ ਮਿਲੀ ਰਾਹਤ : ਕਾਲੋਨੀ ਵਾਸੀਆਂ ਨੇ ਦੱਸਿਆ ਕਿ ਐਕਸੀਅਨ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਵਿਭਾਗੀ ਟੀਮ ਨੇ ਕੰਮ ਵਿਚ ਤੇਜ਼ੀ ਲਿਆਂਦੀ। ਆਖ਼ਰਕਾਰ ਦੇਰ ਰਾਤ ਲਗਭਗ 9 ਘੰਟਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸੁਸਾਇਟੀ ਦੀ ਬਿਜਲੀ ਸਪਲਾਈ ਬਹਾਲ ਹੋ ਸਕੀ। ਬਿਜਲੀ ਵਾਪਸ ਆਉਣ ਤੋਂ ਬਾਅਦ ਹੀ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ। ਸੁਸਾਇਟੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿਚ ਅਜਿਹੇ ਅਣ-ਐਲਾਨੇ ਕੱਟਾਂ ਤੋਂ ਨਿਜਾਤ ਦਿਵਾਈ ਜਾਵੇ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਮਾਮੂਲੀ ਫਾਲਟ ਠੀਕ ਕਰਨ ਵਿਚ ਇੰਨਾ ਸਮਾਂ ਬਰਬਾਦ ਨਾ ਹੋਵੇ।