ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤੇ ਤਹਿਤ ਪੋਸਟਰ ਮੁਕਾਬਲੇ ਕਰਵਾਏ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤੇ ਤਹਿਤ ਪੋਸਟਰ ਮੁਕਾਬਲੇ ਕਰਵਾਏ
Publish Date: Fri, 20 Nov 2026 09:33 PM (IST)
Updated Date: Fri, 20 Nov 2026 09:37 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤੇ ਤਹਿਤ ਲੋਕਾਂ ਨੂੰ ਐਂਟੀਬਾਇਓਟਿਕਸ ਅਤੇ ਹੋਰ ਰੋਗਾਣੂਨਾਸ਼ਕ ਦਵਾਈਆਂ ਦੀ ਬੇਲੋੜੀ ਤੇ ਗ਼ਲਤ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਵਿਖੇ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਐੱਸਐੱਮਓ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਹਰ ਸਾਲ 18 ਤੋਂ 24 ਨਵੰਬਰ ਤੱਕ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ, ਸਿਹਤ ਕਰਮਚਾਰੀਆਂ ਅਤੇ ਨੀਤੀ ਘਾੜਿਆਂ ਨੂੰ ਐਂਟੀਬਾਇਓਟਿਕਸ ਦੀ ਦੁਰਵਰਤੋਂ ਅਤੇ ਰੋਗਾਣੂਨਾਸ਼ਕ ਪ੍ਰਤੀਰੋਧ (ਏਐੱਮਆਰ) ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਭਵਿੱਖ ’ਚ ਇਨਫੈਕਸ਼ਨਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ ਚਾਹੀਦੀ। ਇਸ ਦੌਰਾਨ ਡਾ. ਕਿਰਨਦੀਪ ਕੌਰ, ਆਰਐੱਮਓ ਬਹਿਲੋਲਪੁਰ ਵੱਲੋਂ ਸਕੂਲ ’ਚ ਪੋਸਟਰ ਮੁਕਾਬਲੇ ਕਰਵਾਏ ਗਏ। ਏਮਜ਼ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਇੰਟਰਨਸ਼ਿਪ ਕਰ ਰਹੇ ਡਾ. ਰਿਧਮ, ਰਾਵਿਕਾ, ਪ੍ਰਾਚੀ, ਰੇਨੂੰ, ਸ਼ਿਵਾਨੀ, ਸ੍ਰੀਆ ਅਤੇ ਸ਼ੁਭਾਗੀ ਨੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਵਿਦਿਆਰਥੀਆਂ ਨੂੰ ਰੋਗਾਣੂਨਾਸ਼ਕ ਪ੍ਰਤੀਰੋਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮਝਾਇਆ ਕਿ ਜਦੋਂ ਬੈਕਟੀਰੀਆ, ਵਾਇਰਸ ਅਤੇ ਪਰਜੀਵੀ ਸਮੇਂ ਦੇ ਨਾਲ ਦਵਾਈਆਂ ਪ੍ਰਤੀ ਰੋਧਕ ਹੋ ਜਾਂਦੇ ਹਨ ਅਤੇ ਦਵਾਈਆਂ ਉਨ੍ਹਾਂ ਤੇ ਅਸਰ ਕਰਨਾ ਘਟਾ ਜਾਂ ਬੰਦ ਕਰ ਦਿੰਦੀਆਂ ਹਨ ਤਾਂ ਇਸ ਸਥਿਤੀ ਨੂੰ ਰੋਗਾਣੂਨਾਸ਼ਕ ਪ੍ਰਤੀਰੋਧ ਕਿਹਾ ਜਾਂਦਾ ਹੈ। ਇਸ ਕਾਰਨ ਇਨਫੈਕਸ਼ਨਾਂ ਦਾ ਇਲਾਜ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਦਵਾਈਆਂ ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ।