ਚੌਕੀ ਇੰਚਾਰਜ ਤੇ ASI ਢਾਈ ਲੱਖ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ ਚੰਡੀਗੜ੍ਹ ਪੁਲਿਸ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ ਚਰਚਾ ਵਿਚ ਹੈ। ਜਿਸ ਸੈਕਟਰ-26 ਥਾਣੇ ਦੇ ਐੱਸਐੱਚਓ ਪਹਿਲਾਂ ਹੀ ਸੀਬੀਆਈ ਦੇ ਇਕ ਮਾਮਲੇ ਵਿਚ ਮੁਲਜ਼ਮ ਹਨ, ਉਸੇ ਥਾਣੇ ਨਾਲ ਸਬੰਧਤ ਬਾਪੂਧਾਮ ਚੌਕੀ ਵਿਚ ਸੋਮਵਾਰ ਨੂੰ ਸੀਬੀਆਈ ਨੇ ਟਰੈਪ ਲਗਾ ਕੇ ਚੌਕੀ ਇੰਚਾਰਜ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏਐੱਸਆਈ ਮੰਗਤ ਉਰਫ਼ ਮੰਗਤਾ ਨੂੰ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਤੋਂ ਚੋਰੀ ਦੇ ਮਾਮਲੇ ਵਿਚ ਐੱਫ਼ਆਈਆਰ ਦਰਜ ਕਰਨ ਦੇ ਬਦਲੇ ਪਹਿਲਾਂ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਬਾਅਦ ਵਿਚ ਸੌਦਾ ਢਾਈ ਲੱਖ ਰੁਪਏ ’ਤੇ ਤੈਅ ਹੋਇਆ। ਸ
Publish Date: Tue, 04 Aug 2026 10:53 AM (IST)
Updated Date: Tue, 04 Aug 2026 10:55 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ ਚਰਚਾ ਵਿਚ ਹੈ। ਜਿਸ ਸੈਕਟਰ-26 ਥਾਣੇ ਦੇ ਐੱਸਐੱਚਓ ਪਹਿਲਾਂ ਹੀ ਸੀਬੀਆਈ ਦੇ ਇਕ ਮਾਮਲੇ ਵਿਚ ਮੁਲਜ਼ਮ ਹਨ, ਉਸੇ ਥਾਣੇ ਨਾਲ ਸਬੰਧਤ ਬਾਪੂਧਾਮ ਚੌਕੀ ਵਿਚ ਸੋਮਵਾਰ ਨੂੰ ਸੀਬੀਆਈ ਨੇ ਟਰੈਪ ਲਗਾ ਕੇ ਚੌਕੀ ਇੰਚਾਰਜ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏਐੱਸਆਈ ਮੰਗਤ ਉਰਫ਼ ਮੰਗਤਾ ਨੂੰ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਤੋਂ ਚੋਰੀ ਦੇ ਮਾਮਲੇ ਵਿਚ ਐੱਫ਼ਆਈਆਰ ਦਰਜ ਕਰਨ ਦੇ ਬਦਲੇ ਪਹਿਲਾਂ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਬਾਅਦ ਵਿਚ ਸੌਦਾ ਢਾਈ ਲੱਖ ਰੁਪਏ ’ਤੇ ਤੈਅ ਹੋਇਆ। ਸ਼ਿਕਾਇਤਕਰਤਾ ਨੇ ਇਸ ਦੀ ਜਾਣਕਾਰੀ ਸੀਬੀਆਈ ਨੂੰ ਦਿੱਤੀ, ਜਿਸ ਤੋਂ ਬਾਅਦ ਸੋਮਵਾਰ ਨੂੰ ਟਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੂਤਰਾਂ ਅਨੁਸਾਰ, ਬਾਪੂਧਾਮ ਦੇ ਰਹਿਣ ਵਾਲੇ ਨਿਰਮਲ ਸਿੰਘ ਦੀ ਜਵੈਲਰੀ ਦੀ ਦੁਕਾਨ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਬਾਅਦ ਵਿਚ ਜਦੋਂ ਉਨ੍ਹਾਂ ਦੇ ਪੁੱਤਰ ਸੋਨੂ ਨੇ ਦੁਕਾਨ ਖੋਲ੍ਹੀ ਤਾਂ ਉੱਥੋਂ ਕਾਫ਼ੀ ਮਾਤਰਾ ਵਿਚ ਸੋਨਾ ਗਾਇਬ ਮਿਲਿਆ। ਦੁਕਾਨ ਦੀ ਚਾਬੀ ਇਕ ਮਹਿਲਾ ਕਰਮਚਾਰੀ ਕੋਲ ਹੋਣ ਕਾਰਨ ਉਸ ’ਤੇ ਸ਼ੱਕ ਜਤਾਇਆ ਗਿਆ ਅਤੇ ਸੈਕਟਰ-26 ਥਾਣੇ ਵਿਚ ਸ਼ਿਕਾਇਤ ਦਿੱਤੀ ਗਈ। ਦੋਸ਼ ਹੈ ਕਿ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਹੀ ਸ਼ਿਕਾਇਤਕਰਤਾ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਸੀਬੀਆਈ ਕੋਲ ਸ਼ਿਕਾਇਤਕਰਤਾ ਅਤੇ ਇੰਸਪੈਕਟਰ ਵਿਚਾਲੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਮੌਜੂਦ ਹੈ। ਏਜੰਸੀ ਹੋਰਨਾਂ ਅਧਿਕਾਰੀਆਂ ਅਤੇ ਇਕ ਸਿਆਸੀ ਆਗੂ ਦੀ ਭੂਮਿਕਾ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ ਅਤੇ ਲੋੜ ਪੈਣ ’ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਸੈਕਟਰ-26 ਥਾਣੇ ਦੇ ਐੱਸਐੱਚਓ ਰਾਮਰਤਨ ਪਹਿਲਾਂ ਤੋਂ ਹੀ ਸੀਬੀਆਈ ਦੇ ਇਕ ਮਾਮਲੇ ਵਿਚ ਮੁਲਜ਼ਮ ਹਨ ਅਤੇ ਉਨ੍ਹਾਂ ਖ਼ਿਲਾਫ਼ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਹੁਣ ਚੌਕੀ ਇੰਚਾਰਜ ਅਤੇ ਏਐੱਸਆਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕੋ ਥਾਣੇ ਨਾਲ ਜੁੜੇ ਤਿੰਨ ਪੁਲਿਸ ਅਧਿਕਾਰੀ ਸੀਬੀਆਈ ਮਾਮਲਿਆਂ ਵਿਚ ਮੁਲਜ਼ਮ ਬਣ ਚੁੱਕੇ ਹਨ।
ਹੁਣ ਡੀਜੀਪੀ ਦੇ ਅਗਲੇ ਕਦਮ ’ਤੇ ਨਜ਼ਰ ਇਸ ਕਾਰਵਾਈ ਤੋਂ ਬਾਅਦ ਪੁਲਿਸ ਮਹਿਕਮੇ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਕੀ ਡੀਜੀਪੀ ਸਾਗਰ ਪ੍ਰੀਤ ਹੁੱਡਾ ਇਸ ਮਾਮਲੇ ਵਿਚ ਵੀ ਸੈਕਟਰ-39 ਥਾਣੇ ਦੇ ਰਿਸ਼ਵਤ ਮਾਮਲੇ ਵਾਂਗ ਜ਼ੀਰੋ ਟਾਲਰੈਂਸ ਨੀਤੀ ਅਪਣਾਉਣਗੇ। ਇਹ ਵੀ ਦੇਖਣਾ ਹੋਵੇਗਾ ਕਿ ਕੀ ਇਸ ਮਾਮਲੇ ਵਿਚ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ। ਉੱਧਰ, ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਰਿਸ਼ਵਤਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।