- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਗਿਰਵੀ ਰੱਖੀ ਜ਼ਮੀਨ ’ਤੇ 60 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਕਬਜ਼ਾ ਰਹਿਣ ਨਾਲ ਕਬਜ਼ਾਧਾਰੀ ਉਸ ਦਾ ਮਾਲਕ ਨਹੀਂ ਬਣ ਜਾਂਦਾ। ਜ਼ਮੀਨ ਗਿਰਵੀ ਰੱਖਣ ਵਾਲੇ ਮੂਲ ਮਾਲਕ ਦਾ ਉਸ ਨੂੰ ਵਾਪਸ ਲੈਣ ਦਾ ਹੱਕ ਸਿਰਫ਼ ਸਮਾਂ ਬੀਤਣ ਨਾਲ ਖ਼ਤਮ ਨਹੀਂ ਹੁੰਦਾ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਗਿਰਵੀ ਰੱਖੀ ਜ਼ਮੀਨ ’ਤੇ 60 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਕਬਜ਼ਾ ਰਹਿਣ ਨਾਲ ਕਬਜ਼ਾਧਾਰੀ ਉਸ ਦਾ ਮਾਲਕ ਨਹੀਂ ਬਣ ਜਾਂਦਾ। ਜ਼ਮੀਨ ਗਿਰਵੀ ਰੱਖਣ ਵਾਲੇ ਮੂਲ ਮਾਲਕ ਦਾ ਉਸ ਨੂੰ ਵਾਪਸ ਲੈਣ ਦਾ ਹੱਕ ਸਿਰਫ਼ ਸਮਾਂ ਬੀਤਣ ਨਾਲ ਖ਼ਤਮ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਗਿਰਵੀ ਰੱਖੀ ਜ਼ਮੀਨ ਗਿਰਵੀ ਹੀ ਰਹਿੰਦੀ ਹੈ।
ਜਸਟਿਸ ਅਮਰਿੰਦਰ ਸਿੰਘ ਗਰੇਵਾਲ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਦੋ ਅਪੀਲਾਂ ’ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਮਾਮਲਾ ਪਟਿਆਲਾ ਜ਼ਿਲ੍ਹੇ ਦੀ ਘਨੌਰ ਤਹਿਸੀਲ ਦੇ ਪਿੰਡ ਤੋਰਨ ਦੀ 44 ਵਿੱਘੇ 6 ਬਿਸਵੇ ਜ਼ਮੀਨ ਨਾਲ ਸਬੰਧਤ ਹੈ। ਹਾਈ ਕੋਰਟ ਨੇ ਸਰਕਾਰ ਦੀਆਂ ਅਪੀਲਾਂ ਅੰਸ਼ਕ ਤੌਰ ’ਤੇ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਮਾਮਲੇ ਦੀ ਮੁੜ ਸੁਣਵਾਈ ਦੇ ਨਿਰਦੇਸ਼ ਦਿੱਤੇ।
ਮਾਮਲੇ ਅਨੁਸਾਰ, ਜ਼ਮੀਨ ਦੇ ਮੂਲ ਮਾਲਕ ਨੇ 1893 ਵਿੱਚ 300 ਰੁਪਏ ਲੈ ਕੇ ਆਪਣੀ 44 ਵਿੱਘੇ 6 ਬਿਸਵੇ ਜ਼ਮੀਨ ਗਿਰਵੀ ਰੱਖੀ ਸੀ। ਸਮਝੌਤੇ ਤਹਿਤ ਜ਼ਮੀਨ ’ਤੇ ਕਬਜ਼ਾ ਲੈਣ ਵਾਲੇ ਵਿਅਕਤੀ ਨੂੰ ਇਸ ਦੀ ਫ਼ਸਲ ਅਤੇ ਆਮਦਨ ਦਾ ਲਾਭ ਮਿਲਣਾ ਸੀ। ਬਾਅਦ ਵਿੱਚ ਜ਼ਮੀਨ ਸਰਕਾਰੀ ਐਲਾਨ ਦਿੱਤੀ ਗਈ। ਮਾਲੀਆ ਰਿਕਾਰਡ ਵਿੱਚ ਪੰਜਾਬ ਸਰਕਾਰ ਦਾ ਨਾਂ ਮਾਲਕ ਵਜੋਂ ਦਰਜ ਹੋ ਗਿਆ, ਜਦਕਿ ਕਬਜ਼ਾਧਾਰੀਆਂ ਨੂੰ ਗਿਰਵੀਦਾਰ ਦਰਜ ਕੀਤਾ ਗਿਆ।
1994 ਵਿੱਚ ਤਹਿਸੀਲਦਾਰ ਵੱਲੋਂ ਜ਼ਮੀਨ ਖਾਲੀ ਕਰਨ ਦਾ ਨੋਟਿਸ ਜਾਰੀ ਕੀਤੇ ਜਾਣ ’ਤੇ ਕਬਜ਼ਾਧਾਰੀਆਂ ਨੇ ਅਦਾਲਤ ਦਾ ਰੁਖ਼ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਜ਼ਮੀਨ ਛੁਡਾਉਣ ਦੀ ਮਿਆਦ 1953 ਵਿੱਚ ਹੀ ਖ਼ਤਮ ਹੋ ਗਈ ਸੀ, ਇਸ ਲਈ ਹੁਣ ਉਹ ਜ਼ਮੀਨ ਦੇ ਮਾਲਕ ਹਨ। ਹੇਠਲੀ ਅਦਾਲਤ ਨੇ 1997 ਵਿੱਚ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਜ਼ਿਲ੍ਹਾ ਅਦਾਲਤ ਨੇ ਵੀ 1998 ਵਿੱਚ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਹਾਈ ਕੋਰਟ ਨੇ ਕਿਹਾ ਕਿ ਅਜਿਹੀ ਗਿਰਵੀ ਵਿੱਚ ਕਬਜ਼ਾਧਾਰੀ ਨੂੰ ਫ਼ਸਲ ਅਤੇ ਹੋਰ ਆਮਦਨ ਦਾ ਲਾਭ ਮਿਲਦਾ ਹੈ, ਪਰ ਇਸ ਨਾਲ ਮਾਲਕੀ ਹੱਕ ਨਹੀਂ ਮਿਲਦਾ। ਜਦੋਂ ਤੱਕ ਮੂਲ ਮਾਲਕ ਗਿਰਵੀ ਦੀ ਰਕਮ ਚੁਕਾਉਣ ਜਾਂ ਅਦਾਲਤ ਵਿੱਚ ਜਮ੍ਹਾਂ ਕਰਾਉਣ ਦੀ ਪੇਸ਼ਕਸ਼ ਨਹੀਂ ਕਰਦਾ, ਉਦੋਂ ਤੱਕ ਜ਼ਮੀਨ ਛੁਡਾਉਣ ਦੇ ਹੱਕ ਦੀ ਸਮਾਂ-ਸੀਮਾ ਸ਼ੁਰੂ ਨਹੀਂ ਹੁੰਦੀ।