ਕੂੜੇ ਨੂੰ ਲੱਗੀ ਅੱਗ ’ਤੇ ਗਰਮਾਈ ਸਿਆਸਤ, ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕੂੜੇ ਨੂੰ ਲੱਗੀ ਅੱਗ ’ਤੇ ਸਿਆਸਤ ਗਰਮਾਈ, ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ
Publish Date: Thu, 01 Oct 2026 08:36 PM (IST)
Updated Date: Fri, 02 Oct 2026 04:13 AM (IST)
- ਆਰਐੱਮਸੀ ਪੁਆਇੰਟ ਨੇੜਲੇ ਰਿਹਾਇਸ਼ੀ ਖੇਤਰ ਦੇ ਘਰਾਂ ਚ ਵੜਿਆ ਧੂੰਆਂ, -ਲੋਕ ਔਖੇ - ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਸਨਅਤੀ ਖੇਤਰ ਫੇਜ਼-5 ਸਥਿਤ ਆਰਐਮਸੀ ਪੁਆਇੰਟ ਦੇ ਬਾਹਰ ਕੂੜੇ ਦੇ ਢੇਰਾਂ ਨੂੰ ਵੀਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਦਾ ਸੰਘਣਾ ਧੂੰਆਂ ਨੇੜਲੇ ਰਿਹਾਇਸ਼ੀ ਘਰਾਂ ਦੇ ਅੰਦਰ ਤੱਕ ਦਾਖ਼ਲ ਹੋ ਗਿਆ, ਜਿਸ ਕਾਰਨ ਬਜ਼ੁਰਗਾਂ ਨੂੰ ਸਾਹ ਲੈਣ ’ਚ ਕਾਫ਼ੀ ਦਿੱਕਤ ਹੋਈ ਅਤੇ ਅਫ਼ਰਾ-ਤਫ਼ਰੀ ਮੱਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੁਹਾਲੀ ਫਾਇਰ ਬ੍ਰਿਗੇਡ ’ਚੋਂ ਪਹਿਲਾ ਇਕ ਗੱਡੀ ਪਹੁੰਚੀ, ਫਿਰ ਦੂਜੀ ਤੇ ਤੀਜੀ ਗੱਡੀ ਆਈ। ਇਸ ਮਗਰੋਂ ਲਗਭਗ 14 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਕੂੜੇ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਿਆਸੀ ਅਗੂਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਖੂਬ ਸਿਆਸੀ ਰੋਟੀਆਂ ਸੇਕੀਆਂ ਅਤੇ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਮੱਸਿਆ ਦੇ ਸਥਾਈ ਹੱਲ ਅਤੇ ਕੂੜਾ ਪ੍ਰਬੰਧਨ ਲਈ ਇਲਾਕਾ ਨਿਵਾਸੀਆਂ ਵੱਲੋਂ ਪਹਿਲਾਂ ਵੀ ਲੰਬਾ ਸਮਾਂ ਲੜੀਵਾਰ ਧਰਨਾ ਦਿੱਤਾ ਗਿਆ ਸੀ ਅਤੇ ਨਗਰ ਨਿਗਮ ਚੋਣਾਂ ਦੌਰਾਨ ਵੀ ਇਹ ਮੁੱਦਾ ਕਾਫ਼ੀ ਭਖਿਆ ਸੀ ਲੇਕਿਨ ਹੁਣ ਇਹ ਵਾਅਦੇ ਅਤੇ ਦਾਅਵੇ ਚੋਣ ਪ੍ਰਚਾਰ ਅਤੇ ਜਿੱਤ ਦੇ ਜਸ਼ਨਾਂ ’ਚ ਦੱਬ ਕੇ ਰਹਿ ਗਏ। ਚੋਣਾਂ ਤੋਂ ਬਾਅਦ ਕਾਬਜ਼ ਧਿਰ ਅਤੇ ਵਿਰੋਧੀ ਧਿਰਾਂ ਨੇ ਇਸ ਮਸਲੇ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਦਾ ਸ਼ਹਿਰ ਵਾਸੀਆਂ ਭੁਗਤਨਾ ਪੈ ਰਿਹਾ ਹੈ। ਇੱਥੇ ਹਫ਼ਤਾਵਰੀ ਸਬਜ਼ੀ ਮੰਡੀ ਵੀ ਲਗਦੀ ਹੈ। ਬਾਕਸ : ਕੂੜਾ ਪ੍ਰਬੰਧਨ ਦੀ ਸਮੱਸਿਆ ਹੈ। ਇਸ ਸਬੰਧੀ ਕੋਈ ਆਗੂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ‘‘ਮੈਂ ਤਿੰਨ ਸਾਲ ਪਹਿਲਾਂ ਇਸ ਮੁੱਦੇ ’ਤੇ ਅਫ਼ਸਰਸ਼ਾਹੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਸੀ।’’ ਕੀ ਜੇਕਰ ਹੁਣ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਨਾ ਹੋਏ ਤਾਂ ਸ਼ਹਿਰ ਵਾਸੀਆਂ ਨੂੰ ਖ਼ਮਿਆਜ਼ਾ ਭੁਗਤਨਾ ਪਵੇਗਾ। ਜੇਕਰ ਉਸ ਸਮੇਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਦਾ ਦੇਖਣੇ ਪੈਂਦੇ ਪਰ ਅਫ਼ਸੋਸ ਕਿ ਉਸ ਸਮੇਂ ਸਿਆਸੀ ਆਗੂਆਂ ਨੇ ਸ਼ਹਿਰ ਦਾ ਭਲਾ ਦਾ ਸੋਚਣ ਦੀ ਥਾਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ। ਗਮਾਡਾ ਸ਼ਹਿਰ ’ਚੋਂ ਆਏ ਦਿਨ ਕਰੋੜਾਂ ਰੁਪਏ ਦੀ ਜ਼ਮੀਨਾਂ ਵੇਚ ਰਿਹਾ ਹੈ ਪ੍ਰੰਤੂ ਕੂੜਾ ਪ੍ਰਬੰਧਨ ਲਈ ਲੋੜੀਂਦੀ ਜਗ੍ਹਾ ਨਹੀਂ ਦਿੱਤੀ ਜਾ ਰਹੀ। ਕੁਲਜੀਤ ਸਿੰਘ ਬੇਦੀ, ਸਾਬਕਾ ਡਿਪਟੀ ਮੇਅਰ। ਬਾਕਸ : ਪੰਜਾਬ ਦੀ ‘ਆਪ’ ਸਰਕਾਰ ਸ਼ਹਿਰ ਵਿਚ ਕੂੜਾ ਪ੍ਰਬੰਧਨ ਮਾਮਲੇ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸਾਢੇ ਚਾਰਾਂ ’ਚ ਸਰਕਾਰ ਅਤੇ ਹੁਣ ਪੰਜ ਮਹੀਨਿਆਂ ’ਚ ਨਗਰ ਨਿਗਮ ਨੇ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ। ਅੱਜ ਇੱਥੇ ਕੂੜੇ ਨੂੰ ਅੱਗ ਲੱਗੀ ਨਹੀਂ, ਬਲਕਿ ਲਗਾਈ ਗਈ ਹੈ, ਕਿਉਂਕਿ ਕੂੜਾ ਚੁੱਕਣਾ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਅਕਾਲੀ ਉਮੀਦਵਾਰ ਅਤੇ ‘ਆਪ’ ਉਮੀਦਵਾਰ ਅਨੂ ਬੱਬਰ ਵੱਲੋਂ ਵੋਟਾਂ ਖਾਤਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਹੁਣ ਇਨ੍ਹਾਂ ’ਚੋਂ ਲੋਕਾਂ ਨਾਲ ਖੜਾ ਕੋਈ ਨਜ਼ਰ ਨਹੀਂ ਆਉਂਦਾ। ਨਿਗਮ ਵੱਲੋਂ ਠੇਕੇਦਾਰ ਨੂੰ ਪੈਸੇ ਨਾ ਦੇਣ ਕਾਰਨ ਇਹ ਸਮੱਸਿਆ ਖੜੀ ਹੋਈ ਹੈ। ਪੰਜਾਬ ’ਚ ਕਾਂਗਰਸ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਕੂੜਾ ਪ੍ਰਬੰਧਨ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਰਵਿੰਦਰ ਸਿੰਘ ਤੇ ਜਗਦੀਸ਼ ਸਿੰਘ ਵੀ ਮੌਜੂਦ ਸਨ। ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਮੇਅਰ, ਮੁਹਾਲੀ। ਬਾਕਸ : ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਾਬਕਾ ਮੇਅਰ ਜੀਤੀ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਨੇ ਸ਼ਹਿਰ ’ਚ ਜੋ ਗੰਦ ਪਾਇਆ ਸੀ, ਉਹ ਉਸ ਨੂੰ ਸਫ਼ਾਈ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ’ਚ ਕੂੜੇ ਦੀ ਸਮੱਸਿਆ ਜੀਤੀ ਸਿੱਧੂ ਦੀ ਦੇਣ ਹੈ। ਬੀਬੀ ਕੰਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਪੀਲ ’ਤੇ ਪਿਛਲੇ ਦਿਨੀਂ ਕੂੜੇ ਦੇ ਨਿਪਟਾਰੇ ਲਈ ਮਸ਼ੀਨਾਂ ਲਿਆਂਦੀਆਂ ਸਨ, ਪਰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸੇ ਨੇ ਕੂੜੇ ਨੂੰ ਅੱਗ ਲਗਵਾ ਕੇ ਸੌੜੀ ਰਾਜਨੀਤੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਵਿਧਾਇਕ ਅਤੇ ਮੇਅਰ ਤੋਂ ਮੰਗ ਕੀਤੀ ਕਿ ਜਲਦੀ ਮਸ਼ੀਨਾਂ ਨੂੰ ਵਰਤੋਂ ’ਚ ਲਿਆ ਕੇ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ। ਕੁਲਦੀਪ ਕੌਰ ਕੰਗ, ਅਕਾਲੀ ਕੌਂਸਲਰ। ਬਾਕਸ : ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਕੂੜਾ ਪ੍ਰਬੰਧਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਗਰੀਨ ਸਿਟੀ-ਕਲੀਨ ਸਿਟੀ ਮੁਹਿੰਮ ਤਹਿਤ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ। ਸਾਰੇ ਐਂਟਰੀ ਪੁਆਇੰਟਾਂ ਸਮੇਤ ਕੂੜੇਦਾਨਾਂ ’ਚੋਂ ਕੂਨੇ ਦੀ ਨਿਕਾਸੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਪੱਕਾ ਛੁਟਕਾਰਾ ਮਿਲ ਜਾਵੇਗਾ। ਆਰਐਮਸੀ ਪੁਆਇੰਟ ਫੇਜ਼-5 ’ਚ ਕੂੜੇ ਦੇ ਨਿਪਟਾਰੇ ਲਈ ਮਸ਼ੀਨਰੀ ਨੇ ਹਾਲੇ ਕੰਮ ਸ਼ੁਰੂ ਕਰਨਾ ਹੀ ਸੀ ਕਿ ਕੂੜੇ ਨੂੰ ਅੱਗ ਲੱਗ ਗਈ। ਸਫ਼ਾਈ ਪੱਖੋਂ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਿਹੜੇ ਲੋਕ ਅੱਜ ਰੌਲਾ ਪਾ ਰਹੇ ਹਨ, ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਜ ਸਾਲ ਡੱਕਾ ਨਹੀਂ ਤੋੜਿਆ। ਜਿਸ ਦਾ ਖ਼ਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ। ਸਰਬਜੀਤ ਸਿੰਘ ਸਮਾਣਾ, ਮੇਅਰ ਮੁਹਾਲੀ।