ਪੰਜਾਬ 'ਚ ਸਿਆਸੀ ਉਬਾਲ: ਭਾਜਪਾ ਨੇ 'ਆਪ' 'ਤੇ ਲਗਾਇਆ ਲੋਕਤੰਤਰ ਦੇ ਕਤਲ ਦਾ ਦੋਸ਼; ਰਾਜਪਾਲ ਨੂੰ ਮਿਲ ਕੇ ਢਿੱਲੋਂ ਨੇ ਖੋਲ੍ਹਿਆ ਮੋਰਚਾ
ਪੰਜਾਬ ਭਾਜਪਾ ਦੇ ਵਫ਼ਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਕਥਿਤ ਬੇਨਿਯਮੀਆਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਨੇ ਸੰਵਿਧਾਨਕ ਮਰਿਆਦਾਵਾਂ ਦੀ ਰੱਖਿਆ ਲਈ ਰਾਜਪਾਲ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।
Publish Date: Sun, 12 Jul 2026 09:15 AM (IST)
Updated Date: Sun, 12 Jul 2026 09:16 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ- ਪੰਜਾਬ ਭਾਜਪਾ ਦੇ ਵਫ਼ਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਕਥਿਤ ਬੇਨਿਯਮੀਆਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਨੇ ਸੰਵਿਧਾਨਕ ਮਰਿਆਦਾਵਾਂ ਦੀ ਰੱਖਿਆ ਲਈ ਰਾਜਪਾਲ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।
ਬਹੁਮਤ ਨਾ ਹੋਣ ਦੇ ਬਾਵਜੂਦ ਬਣਾਏ ਮੇਅਰ ਤੇ ਪ੍ਰਧਾਨ: ਭਾਜਪਾ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਪਹਿਲਾਂ ਵਾਰਡਾਂ ਦੀ ਗਲਤ ਹੱਦਬੰਦੀ ਕੀਤੀ, ਫਿਰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਅਤੇ ਨਾਮਜ਼ਦਗੀ ਪੱਤਰ ਖੋਹ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ 'ਆਪ' ਕੋਲ ਬਹੁਮਤ ਨਹੀਂ ਸੀ, ਉੱਥੇ ਅਫ਼ਸਰਸ਼ਾਹੀ ਦੀ ਮਦਦ ਨਾਲ ਮੇਅਰ ਅਤੇ ਨਗਰ ਕੌਂਸਲਾਂ ਦੇ ਪ੍ਰਧਾਨ ਬਣਾਏ ਗਏ। ਉਨ੍ਹਾਂ ਅਬੋਹਰ ਨਗਰ ਨਿਗਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਕੋਲ ਬਹੁਮਤ ਹੋਣ ਦੇ ਬਾਵਜੂਦ 'ਆਪ' ਦਾ ਮੇਅਰ ਐਲਾਨ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਰਾਜਪੁਰਾ, ਕਪੂਰਥਲਾ ਅਤੇ ਬਰਨਾਲਾ ਵਿੱਚ ਵੀ ਹੋਈਆਂ ਹਨ।
ਸੁਤੰਤਰ ਜਾਂਚ ਦੀ ਮੰਗ ਭਾਜਪਾ ਵਫ਼ਦ ਨੇ ਮੰਗ ਕੀਤੀ ਕਿ ਚੋਣਾਂ ਦੌਰਾਨ ਹੋਈਆਂ ਕਥਿਤ ਸੰਵਿਧਾਨਕ ਉਲੰਘਣਾਵਾਂ ਦੀ ਸੁਤੰਤਰ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ, ਪ੍ਰਭਾਵਿਤ ਸ਼ਹਿਰਾਂ ਦਾ ਰਿਕਾਰਡ ਅਤੇ ਵੀਡੀਓਗ੍ਰਾਫੀ ਤਲਬ ਕੀਤੀ ਜਾਵੇ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਲੋੜ ਪੈਣ 'ਤੇ ਪ੍ਰਭਾਵਿਤ ਥਾਵਾਂ 'ਤੇ ਮੁੜ ਨਿਰਪੱਖ ਚੋਣਾਂ ਕਰਵਾਈਆਂ ਜਾਣ। ਢਿੱਲੋਂ ਨੇ ਦੱਸਿਆ ਕਿ ਰਾਜਪਾਲ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।