ਪੁਲਿਸ ਸ਼ਹੀਦੀ ਯਾਦਗਾਰੀ ਦਿਵਸ : ਮੁਹਾਲੀ ਪੁਲਿਸ ਵੱਲੋਂ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ : ਮੁਹਾਲੀ ਪੁਲਿਸ ਵੱਲੋਂ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ,
Publish Date: Wed, 21 Oct 2026 06:47 PM (IST)
Updated Date: Wed, 21 Oct 2026 06:48 PM (IST)
ਡੀਸੀ ਕੋਮਲ ਮਿੱਤਲ ਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਫੁੱਲ ਮਾਲਾਵਾਂ ਭੇਟ ਕਰਕੇ ਕੀਤਾ ਸਿਜਦਾ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਦੇਸ਼ ਦੀ ਰੱਖਿਆ, ਨਾਗਰਿਕਾਂ ਦੀ ਅਮਨ-ਸੁਰੱਖਿਆ ਅਤੇ ਕਾਨੂੰਨ ਦੀ ਬਹਾਲੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੀ ਯਾਦ ਵਿਚ ਬੁੱਧਵਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਵੱਲੋਂ ‘ਪੁਲਿਸ ਸ਼ਹੀਦੀ ਯਾਦਗਾਰੀ ਦਿਵਸ’ ਸ਼ਰਧਾ, ਗੰਭੀਰਤਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਜ਼ਿਲ੍ਹੇ ਨਾਲ ਸਬੰਧਤ 35 ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਉਨ੍ਹਾਂ ਪ੍ਰਤੀ ਅਕਾਸ਼ ਛੂੰਹਦਾ ਸਤਿਕਾਰ ਪ੍ਰਗਟਾਇਆ ਗਿਆ। ਸਮਾਗਮ ਦੌਰਾਨ ਐੱਸਪੀ (ਹੈੱਡਕੁਆਰਟਰ) ਨਵਰੀਤ ਸਿੰਘ ਵਿਰਕ ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੇ 154 ਅਮਰ ਸ਼ਹੀਦਾਂ ਦੇ ਨਾਂ ਪੜ੍ਹ ਕੇ ਸੁਣਾਏ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਨਮਨ ਕੀਤਾ। ਇਸ ਤੋਂ ਬਾਅਦ ਡੀਐੱਸਪੀ ਇਸ਼ਾਨ ਸਿੰਗਲਾ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸੋਗ ਸਲਾਮੀ ਦਿੱਤੀ ਗਈ ਅਤੇ ਮ੍ਰਿਤਕ ਆਤਮਾਵਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਦਿਵਸ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ‘ਹਾਟ ਸਪਰਿੰਗਜ਼’ ਇਲਾਕੇ ’ਚ ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦਿਆਂ ਸੀਆਰਪੀਐੱਫ਼ ਦੇ ਬਹਾਦਰ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ, ਜਿਸ ਤੋਂ ਬਾਅਦ ਹਰ ਸਾਲ ਇਹ ਦਿਨ ਦੇਸ਼ ਦੇ ਸਾਰੇ ਪੁਲਿਸ ਤੇ ਅਰਧ-ਸੈਨਿਕ ਬਲਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਫ਼ਰਜ਼ ਪ੍ਰਤੀ ਸਮਰਪਣ ਅਤੇ ਦੇਸ਼ ਪ੍ਰਤੀ ਨਿਸ਼ਕਾਮ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 35 ਸ਼ਹੀਦ ਪਰਿਵਾਰ ਸਾਡੇ ਸਮਾਜ ਦਾ ਮਾਣ ਹਨ ਅਤੇ ਪੁਲਿਸ ਪ੍ਰਸ਼ਾਸਨ ਹਮੇਸ਼ਾ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਇਸ ਸ਼ਹੀਦੀ ਸਮਾਰੋਹ ਵਿਚ ਨਿਆਂਇਕ ਅਧਿਕਾਰੀ ਰਵਨੀਤ ਸਿੰਘ (ਸੀਜੇਐੱਮ) ਅਤੇ ਰੁਪਿੰਦਰ ਸਿੰਘ (ਸਿਵਲ ਜੱਜ ਸੀਨੀਅਰ ਡਵੀਜ਼ਨ) ਤੋਂ ਇਲਾਵਾ ਐੱਸਪੀ ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਦੀਪਿਕਾ ਸਿੰਘ, ਆਕਾਸ਼ਦੀਪ ਸਿੰਘ ਔਲਖ, ਜਸਪਿੰਦਰ ਸਿੰਘ ਗਿੱਲ, ਡੀਐੱਸਪੀ ਹਰਸਿਮਰਨ ਸਿੰਘ ਬੱਲ, ਗੁਰਚਰਨ ਸਿੰਘ ਵੜੈਚ, ਹਰਕੀਰਤ ਸਿੰਘ, ਅਮਰਦੀਪ ਸਿੰਘ, ਅਜੀਤਪਾਲ ਸਿੰਘ, ਵਰਿੰਦਰ ਸਿੰਘ ਖੋਸਾ, ਸਾਬਕਾ ਐੱਸਪੀ ਜਗਜੀਤ ਸਿੰਘ ਜੱਲ੍ਹਾ, ਸਰਬਜੀਤ ਸਿੰਘ ਪੰਧੇਰ, ਹਰਕਿਸ਼ਨ ਸਿੰਘ ਕਾਹਲੋਂ, ਸਮੂਹ ਥਾਣਾ ਮੁਖੀ, ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।