
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ’ਚ ਚੀਨੀ ਸਮੇਤ ਜ਼ਰੂਰੀ ਖ਼ੁਰਾਕੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ’ਚ ਪੰਜਾਬ ਕਾਂਗਰਸ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਮੁਜ਼ਾਹਰਾ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਸੈਂਕੜੇ ਕਾਂਗਰਸ ਕਾਰਕੁਨ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੰਜਾਬੀ ਜਾਗਰਣ, ਬਿਊਰੋ, ਚੰਡੀਗੜ੍ਹ : ਦੇਸ਼ ’ਚ ਚੀਨੀ ਸਮੇਤ ਜ਼ਰੂਰੀ ਖ਼ੁਰਾਕੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ’ਚ ਪੰਜਾਬ ਕਾਂਗਰਸ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਮੁਜ਼ਾਹਰਾ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਸੈਂਕੜੇ ਕਾਂਗਰਸ ਕਾਰਕੁਨ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਵਧਦੀ ਮਹਿੰਗਾਈ ਦੇ ਵਿਰੋਧ ’ਚ ਬਿਨਾਂ ਖੰਡ ਦੀ ਚਾਹ ਪਰੋਸ ਕੇ ਸੰਕੇਤਕ ਮੁਜ਼ਾਹਰਾ ਵੀ ਕੀਤਾ। ਇਸ ਤੋਂ ਬਾਅਦ ਜਦੋਂ ਕਾਂਗਰਸੀ ਰਾਜਪਾਲ ਦੀ ਰਿਹਾਇਸ਼ ਵੱਲ ਕੂਚ ਕਰਨ ਲੱਗੇ ਤਾਂ ਇੱਕ ਕਿਲੋਮੀਟਰ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਕਾਂਗਰਸੀ ਜਦੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕਰ ਕੇ ਉਨ੍ਹਾਂ ਨੂੰ ਖਦੇੜ ਦਿੱਤਾ। ਪੁਲਿਸ ਨੇ ਬਾਅਦ ’ਚ ਰਾਜਾ ਵੜਿੰਗ ਸਮੇਤ ਕੁਝ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਨੂੰ ਸੈਕਟਰ-11 ਥਾਣੇ ਲਿਜਾਇਆ ਗਿਆ ਤੇ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ।
ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਸੂਬੇ ਭਰ ਤੋਂ ਆਏ ਕਾਂਗਰਸ ਆਗੂਆਂ ਤੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਆਦਮੀ ਲਈ ਰੋਜ਼ਾਨਾ ਲੋੜ ਦੀਆਂ ਵਸਤਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪਰਚੂਨ ਤੇ ਥੋਕ ਚੀਨੀ ਦੀਆਂ ਕੀਮਤਾਂ ’ਚ ਕਰੀਬ 40 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਕੁਝ ਸੂਬਿਆਂ ’ਚ ਇਹ ਵਾਧਾ 50 ਫ਼ੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅੱਠ ਸੂਬਿਆਂ ’ਚ ਚੀਨੀ ਦੀ ਕੀਮਤ 65 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਹੋ ਚੁੱਕੀ ਹੈ। ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ’ਚ ਚੀਨੀ 48 ਤੋਂ ਵਧ ਕੇ 67 ਰੁਪਏ ਤੇ ਗੁੜ 50 ਤੋਂ ਵਧ ਕੇ 65 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਉਨ੍ਹਾਂ ਚੀਨੀ ਬਰਾਮਦ, ਈਥਾਨੌਲ ਉਤਪਾਦਨ ’ਚ ਗੰਨੇ ਦੀ ਵਰਤੋਂ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦਰਾਮਦ ਨੀਤੀ ’ਤੇ ਵੀ ਕੇਂਦਰ ਸਰਕਾਰ ਤੋਂ ਸਵਾਲ ਪੁੱਛੇ।
ਉਨ੍ਹਾਂ ਕਿਹਾ ਕਿ ਜੇ ਈ-20 ਨਾਲ ਤੇਲ ਦੀ ਬੱਚਤ ਹੋ ਰਹੀ ਹੈ ਤਾਂ ਪੈਟਰੋਲ ਦੀਆਂ ਕੀਮਤਾਂ ’ਚ ਆਮ ਲੋਕਾਂ ਨੂੰ ਰਾਹਤ ਕਿਉਂ ਨਹੀਂ ਮਿਲ ਰਹੀ? ਉਨ੍ਹਾਂ ਆਟਾ, ਦਾਲ, ਖ਼ੁਰਾਕੀ ਤੇਲ, ਪਿਆਜ਼, ਚੀਨੀ ਤੇ ਗੁੜ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਚੁੱਕਦਿਆਂ ਸਰਕਾਰ ’ਤੇ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਮੁਜ਼ਾਹਰੇ ’ਚ ਏਆਈਸੀਸੀ ਸਕੱਤਰ ਰਵਿੰਦਰ ਦਲਵੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਹਰਦਿਆਲ ਕੰਬੋਜ, ਕੁਲਜੀਤ ਸਿੰਘ ਨਾਗਰਾ, ਗੁਰਸ਼ਰਨ ਰੰਧਾਵਾ ਸਮੇਤ ਕਈ ਸੀਨੀਅਰ ਆਗੂ ਅਤੇ ਕਾਰਕੁਨ ਮੌਜੂਦ ਰਹੇ। ਹਾਲਾਂਕਿ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਕਾਂਗਰਸ ਆਗੂ ਨਜ਼ਰ ਨਹੀਂ ਆਏ।