ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਸੂਬੇ ’ਚ ਨਵੇਂ ਦੌਰ ਦੀ ਸ਼ੁਰੂਆਤ : MP ਸਤਨਾਮ ਸਿੰਘ ਨੇ 'ਡਬਲ-ਇੰਜਣ ਸਰਕਾਰ' ਦੇ ਵਿਜ਼ਨ ਦਾ ਦਿੱਤਾ ਸੱਦਾ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੂਬੇ ਦੇ ਵਿਕਾਸ ਦੇ ਇਤਿਹਾਸ ਵਿਚ ਇਕ ਨਵੇਂ ਅਧਿਆਏ ਅਤੇ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੀ ਤਕਦੀਰ ਬਦਲਣ ਦਾ ਮਨ ਬਣਾ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਨਿਰਣਾਇਕ ਸਿਆਸੀ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
Publish Date: Sat, 18 Jul 2026 12:44 PM (IST)
Updated Date: Sat, 18 Jul 2026 12:47 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੂਬੇ ਦੇ ਵਿਕਾਸ ਦੇ ਇਤਿਹਾਸ ਵਿਚ ਇਕ ਨਵੇਂ ਅਧਿਆਏ ਅਤੇ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੀ ਤਕਦੀਰ ਬਦਲਣ ਦਾ ਮਨ ਬਣਾ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਨਿਰਣਾਇਕ ਸਿਆਸੀ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਜਲੰਧਰ ਕੈਂਟ ਵਿਖੇ 'ਅੰਮ੍ਰਿਤ ਭਾਰਤ ਸਟੇਸ਼ਨ ਸਕੀਮ' ਤਹਿਤ ਮੁੜ-ਵਿਕਸਿਤ ਕੀਤੇ ਗਏ ਰੇਲਵੇ ਸਟੇਸ਼ਨ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦਾ ਪੰਜਾਬੀਆਂ ਦਾ ਪ੍ਰਭਾਵਸ਼ਾਲੀ ਇਕੱਠ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬੀਆਂ ਦਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਵਿਜ਼ਨ ਵਿਚ ਭਰੋਸਾ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਦੀ ਇਹ ਫੇਰੀ ਸਿਰਫ਼ ਇਕ ਰੇਲਵੇ ਸਟੇਸ਼ਨ ਦਾ ਉਦਘਾਟਨ ਨਹੀਂ ਹੈ, ਸਗੋਂ ਇਹ ਹਰ ਪੰਜਾਬੀ ਲਈ ਵਿਕਾਸ, ਉਮੀਦ ਅਤੇ ਨਵੇਂ ਮੌਕਿਆਂ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੈ।"
ਐੱਮਪੀ ਸੰਧੂ ਨੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਨੇ ਪੰਜਾਬ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਿਕਾਰਡ ਨਿਵੇਸ਼ ਕੀਤਾ ਹੈ। ਵਰਤਮਾਨ ਸਮੇਂ ਵਿਚ ਸੂਬੇ ਅੰਦਰ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ, ਜੋ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨਗੇ, ਵਪਾਰ ਤੇ ਉਦਯੋਗ ਨੂੰ ਮਜ਼ਬੂਤੀ ਦੇਣਗੇ ਅਤੇ ਨੌਜਵਾਨਾਂ ਲਈ ਤਰੱਕੀ ਦੇ ਰਾਹ ਖੋਲ੍ਹਣਗੇ।
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਧੂ ਨੇ ਕਿਹਾ ਕਿ ਸੂਬਾ ਇਸ ਵੇਲੇ ਆਰਥਿਕ ਮੰਦਹਾਲੀ, ਵੱਧ ਰਹੇ ਕਰਜ਼ੇ ਅਤੇ ਨੌਜਵਾਨਾਂ ਵਿਚ ਨਿਰਾਸ਼ਾ ਦੇ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਅੱਜ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਲੱਖਾਂ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ। ਸਾਡੀ ਖੇਤੀਬਾੜੀ ਸੰਕਟ ਵਿਚ ਹੈ, ਉਦਯੋਗ ਸੰਘਰਸ਼ ਕਰ ਰਹੇ ਹਨ ਅਤੇ ਸੂਬੇ ਸਿਰ ਕਰਜ਼ੇ ਦੀ ਪੰਡ 4 ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕੀ ਹੈ। ਇਨ੍ਹਾਂ ਗੰਭੀਰ ਚੁਣੌਤੀਆਂ ਦੇ ਸਥਾਈ ਹੱਲ ਲਈ ਸੂਬੇ ਨੂੰ ਇਕ ਦੂਰਅੰਦੇਸ਼ ਅਤੇ ਦ੍ਰੜ ਅਗਵਾਈ ਦੀ ਲੋੜ ਹੈ।"
'ਡਬਲ-ਇੰਜਣ ਸਰਕਾਰ' ਦਾ ਦਿੱਤਾ ਸੱਦਾ
ਐੱਮਪੀ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਅਤੇ ਭਵਿੱਖ ਇਸੇ ਧਰਤੀ 'ਤੇ ਹੈ, ਉਨ੍ਹਾਂ ਨੂੰ ਆਪਣਾ ਵਤਨ ਛੱਡਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬੇ ਵਿਚ 'ਡਬਲ-ਇੰਜਣ ਸਰਕਾਰ' ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰ ਨਾਲ ਤਾਲਮੇਲ ਕਰਕੇ ਚੱਲਣ ਵਾਲੀ ਭਾਜਪਾ ਸਰਕਾਰ ਹੀ ਪੰਜਾਬ ਨੂੰ ਇਸ ਸੰਕਟ ਵਿਚੋਂ ਕੱਢ ਸਕਦੀ ਹੈ।
ਅੰਤ ਵਿਚ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਅਟੁੱਟ ਵਿਸ਼ਵਾਸ ਪ੍ਰਗਟਾਉਂਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਅੱਜ ਇਕ ਇਤਿਹਾਸਕ ਮੋੜ 'ਤੇ ਖੜ੍ਹਾ ਹੈ ਅਤੇ ਅੱਜ ਤੋਂ ਸ਼ੁਰੂ ਹੋਇਆ ਇਹ ਸਫ਼ਰ ਪੰਜਾਬ ਨੂੰ ਮੁੜ ਇਕ ਖੁਸ਼ਹਾਲ, ਅਗਾਂਹਵਧੂ ਅਤੇ ਸ਼ਾਂਤਮਈ ਸੂਬਾ ਬਣਾ ਕੇ ਇਸਦੀ ਪੁਰਾਣੀ ਸ਼ਾਨ ਬਹਾਲ ਕਰੇਗਾ।