- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਮਾਡਾ ਦੇ ਮਾਸਟਰ ਪਲਾਨ ਦੀ ਉਲੰਘਣਾ ਕਰਕੇ ਗਰੀਨ ਬੈਲਟ ’ਤੇ ਕੀਤੇ ਕਬਜ਼ੇ ਖ਼ਤਮ ਕਰਨ ਦੀ ਗੁਹਾਰ

- ਸਥਾਨਕ ਵਸਨੀਕਾਂ ਨੇ ਗਰੀਨ ਬੈਲਟ ਦੀ ਜਗ੍ਹਾ ਖਾਲੀ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੀਟੀਐਲ ਚੌਕ ਨੇੜੇ ਆਰਐੱਮਸੀ ਪੁਆਇੰਟ ਨੇੜੇ ਖਾਲੀ ਜਗ੍ਹਾ (ਗਰੀਨ ਬੈਲਟ) ’ਤੇ ਕੀਤੇ ਗਏ ਕਬਜ਼ੇ ਖ਼ਤਮ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਗਰੀਨ ਪਾਰਕ ਰੈਂਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-5 ਦੇ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਪੀਟੀਐਲ ਚੌਕ ਅਤੇ ਪੁਰਾਣੇ ਅਮਰਟੈਕਸ ਚੌਕ ਵਿਚਕਾਰ ਸਥਿਤ ਗਰੀਨ ਬੈਲਟ ’ਤੇ ਗਮਾਡਾ ਮਾਸਟਰ ਪਲਾਨ ਦੀ ਉਲੰਘਣਾ ਕਰਕੇ ਕੀਤੇ ਗਏ ਕਬਜ਼ੇ ਖ਼ਤਮ ਕਰਨ ਲਈ ਲੜੀਂਦੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ।
ਗਮਾਡਾ ਦੇ ਐਕਸੀਅਨ (ਸੇਵਾਮੁਕਤ) ਤੇ ਸਮਾਜ ਸੇਵੀ ਐਨਐਸ ਕਲਸੀ, ਕੌਂਸਲਰ ਕਲਦੀਪ ਕੌਰ ਕੰਗ, ਗੁਰਮੁੱਖ ਸਿੰਘ ਸੋਹਲ, ਚਰਨਜੀਤ ਕੌਰ ਸਮੇਤ ਸੋਸ਼ਲ ਵਰਕਰ ਸੁਖਦੀਪ ਸਿੰਘ ਨਿਆਂ ਸ਼ਹਿਰ ਬਡਾਲਾ, ਮਹਿੰਦਰ ਸਿੰਘ, ਕਰਨ ਜੌਹਰ, ਮਨਮੋਹਨ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਗਰੀਨ ਬੈਲਟ ’ਤੇ ਹੋਏ ਕਬਜ਼ਿਆਂ ਕਾਰਨ ਸੈਕਟਰ-59 ਦੇ ਵਸਨੀਕ, ਰੋਜ਼ਾਨਾ ਗੰਭੀਰ ਹਵਾ ਪ੍ਰਦੂਸ਼ਣ ਅਤੇ ਆਵਾਜਾਈ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਮੁਹਾਲੀ ਦੀ ਮੂਲ ਯੋਜਨਾਬੰਦੀ ਅਨੁਸਾਰ ਸੈਕਟਰ-59 ਦੇ ਰਿਹਾਇਸ਼ੀ ਖੇਤਰ ਨੂੰ ਚੰਡੀਗੜ੍ਹ ਯੋਜਨਾਬੰਦੀ ਪੈਟਰਨ ਦੀ ਪਾਲਣਾ ਕਰਦੇ ਹੋਏ ਮੈਂਗੋ ਪਾਰਕ ਵਾਲੀ ਗਰੀਨ ਬੈਲਟ ਨੂੰ ਉਦਯੋਗਿਕ ਖੇਤਰ ਤੋਂ ਵੱਖ ਕੀਤਾ ਗਿਆ ਹੈ। ਪ੍ਰੰਤ ਇਸ ਗਰੀਨ ਬੈਲਟ ਦੇ ਇਕ ਵੱਡੇ ਹਿੱਸੇ ’ਤੇ ਕਬਜ਼ਾ ਹੋ ਗਿਆ ਹੈ। ਇੱਥੇ ਇਕ ਪਾਸੇ ਟਰੱਕ ਯੂਨੀਅਨ ਬਣੀ ਹੋਈ ਹੈ, ਉੱਥੇ ਇਕ ਵੱਡੇ ਹਿੱਸੇ ਨੂੰ ਨਗਰ ਨਿਗਮ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਇਹ ਗਤੀਵਿਧੀਆਂ ਗਰੀਨ ਬੈਲਟ ਦੀ ਵਰਤੋਂ ਦੇ ਉਲਟ ਹਨ ਅਤੇ ਪ੍ਰਦੂਸ਼ਣ, ਆਵਾਜਾਈ ਦੀ ਭੀੜ ਅਤੇ ਹੋਰ ਜਨਤਕ ਸਹੂਲਤਾਂ ’ਚ ਵਿਘਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰੀਨ ਬੈਲਟ ਦਾ ਉਦੇਸ਼ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿਚਕਾਰ ਇਕ ਕੁਦਰਤੀ ਬਫ਼ਰ ਵਜੋਂ ਕੰਮ ਕਰਦਾ ਸੀ। ਲਿਹਾਜ਼ਾ ਲੋਕਾਂ ਲਈ ਸਿਹਤਮੰਦ ਰਹਿਣ-ਸਹਿਣ ਵਾਲੇ ਵਾਤਾਵਰਨ ਨੂੰ ਬਣਾਈ ਰੱਖਣ ਲਈ ਇਸ ਦੀ ਸੁਰੱਖਿਆ ਜ਼ਰੂਰੀ ਹੈ। ਕਿਉਂਕਿ ਇਸ ਖੇਤਰ ’ਚ ਬਹੁ-ਮੰਜ਼ਿਲਾ ਇਮਾਰਤਾਂ ਬਣੀਆਂ ਹੋਈਆਂ ਹਨ ਅਤੇ ਫੈਕਟਰੀ ਦੇ ਪ੍ਰਦੂਸ਼ਣ ਤੋਂ ਰਿਹਾਇਸ਼ੀ ਖੇਤਰ ਨੂੰ ਵੱਖ ਕਰਨ ਲਈ ਗਰੀਨ ਬੈਲਟ ਦੀ ਵੱਡੀ ਅਹਿਮੀਅਤ ਹੈ ਪ੍ਰੰਤੂ ਇਸ ਜ਼ਮੀਨ ’ਤੇ ਕਬਜ਼ਿਆਂ ਕਾਰਨ ਇਹ ਪੂਰਾ ਖੇਤਰ ਪ੍ਰਦੂਸ਼ਣ ਦਾ ਕੇਂਦਰ ਬਣ ਗਿਆ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਗਮਾਡਾ ਅਤੇ ਨਗਰ ਨਿਗਮ ਨੂੰ ਗਰੀਨ ਬੈਲਟ ’ਤੇ ਕਥਿਤ ਕਬਜ਼ੇ ਦੀ ਜਾਂਚ ਕਰਵਾਉਣ ਅਤੇ ਪ੍ਰਵਾਨਿਤ ਮਾਸਟਰ ਪਲਾਨ ਅਤੇ ਨਿਯਮਾਂ ਮੁਤਾਬਕ ਢੁਕਵੀਂ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਜਾਣ। ਗਰੀਨ ਬੈਲਟ ’ਤੇ ਕਿਸੇ ਵੀ ਅਣਅਧਿਕਾਰਤ ਕਬਜ਼ੇ ਨੂੰ ਹਟਾਉਣ ਅਤੇ ਨਿਰਧਾਰਤ ਖੇਤਰ ’ਚ ਕੂੜਾ ਸੁੱਟਣ ’ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਪ੍ਰਭਾਵਿਤ ਖੇਤਰ ਨੂੰ ਗਰੀਨ ਬੈਲਟ ਵਜੋਂ ਵਿਕਸਤ ਕਰਨ ਲਈ ਰਾਹ ਪੱਧਰਾ ਹੋ ਸਕੇ। ਮੁੱਖ ਮੰਤਰੀ ਨੂੰ ਲਿਖੇ ਪੱਤਰ ’ਤੇ 200 ਤੋਂ ਵੱਧ ਲੋਕਾਂ ਦੇ ਦਸਖ਼ਤ ਹਨ। ਪੱਤਰ ਦੀਆਂ ਕਾਪੀਆਂ ਪ੍ਰਿੰਸੀਪਲ ਸਕੱਤਰ ਹਾਊਸਿੰਗ ਅਤੇ ਮੇਅਰ ਨੂੰ ਵੀ ਭੇਜੀਆਂ ਗਈਆਂ ਹਨ।
ਬਾਕਸ :
ਹਾਈ ਕੋਰਟ ਦੇ ਹੁਕਮਾਂ ’ਤੇ ਸਨਅਤੀ ਖੇਤਰ ਫੇਜ਼-8ਬੀ ਵਿਚਲੇ ਪੁਰਾਣੇ ਡੰਪਿੰਗ ਗਰਾਊਂਡ ’ਤੇ ਕੂੜਾ ਸੁੱਟਣ ’ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਕੂੜੇ ਦੇ ਵੱਡੇ ਪਹਾੜ ਬਣ ਗਏ ਸੀ। ਅਦਾਲਤ ਦੇ ਹੁਕਮਾਂ ’ਤੇ ਡੰਪਿੰਗ ਗਰਾਊਂਡ ਵਿਚ ਕੂੜਾ ਸੁੱਟਣਾ ਤਾਂ ਬੰਦ ਕਰ ਦਿੱਤਾ ਗਿਆ ਪਰ ਇਸ ਦੇ ਬਦਲਵੇਂ ਪ੍ਰਬੰਧ ਕਰਨ ’ਚ ਪ੍ਰਸ਼ਾਸਨ ਖੁੰਝ ਗਿਆ। ਜਿਸ ਕਾਰਨ ਇਹ ਮੁਸ਼ਕਲ ਆ ਰਹੀ ਹੈ। ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਮੰਗ ਕੀਤੀ ਕਿ ਨਗਰ ਨਿਗਮ ਨੂੰ ਢੁਕਵੀਂ ਨਿਰਧਾਰਤ ਜਗ੍ਹਾ ’ਤੇ ਵਾਤਾਵਰਨ ਦੇ ਅਨੁਕੂਲ ਠੋਸ-ਕੂੜਾ ਪ੍ਰੋਸੈਸਿੰਗ ਸਹੂਲਤ ਸਥਾਪਤ ਕੀਤੀ ਜਾਵੇ, ਜਿਸ ’ਚ ਆਧੁਨਿਕ ਉਪਕਰਨ ਹੋਣ, ਤਾਂ ਜੋ ਕੂੜਾ ਰਿਹਾਇਸ਼ੀ ਖੇਤਰਾਂ ’ਚ ਅੰਨ੍ਹੇਵਾਹ ਨਾ ਸੁੱਟਿਆ ਜਾਵੇ।