ਸੈਕਟਰ-70 ’ਚ ਬਹੁ-ਮੰਜ਼ਲਾਂ ਸੁਸਾਇਟੀ ਦੀ ਉਸਾਰੀ ’ਤੇ ਰੋਕ ਲਗਾਉਣ ਦੀ ਗੁਹਾਰ ਸੈਕਟਰ-70 ’ਚ ਬਹੁ-ਮੰਜ਼ਲਾਂ ਸੁਸਾਇਟੀ ਦੀ ਉਸਾਰੀ ’ਤੇ ਰੋਕ ਲਗਾਉਣ ਦੀ ਗੁਹਾਰ
Publish Date: Wed, 16 Sep 2026 09:31 PM (IST)
Updated Date: Thu, 17 Sep 2026 04:09 AM (IST)
ਫੋਟੋ ਕੈਪਸ਼ਨ : ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਵੱਖ-ਵੱਖ ਐਸੋਸੀਏਸ਼ਨ ਦੇ ਨੁਮਾਇੰਦੇ। 42ਪੀ * ਵੈੱਲਫੇਅਰ ਐਸੋਸੀਏਸ਼ਨਾਂ ਨੇ ਪਟਵਾਰੀ ਦੀ ਅਗਵਾਈ ਹੇਠ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸੈਕਟਰ-70 ’ਚ ਐਲਆਈਜੀ ਤੇ ਐੱਮਆਈਜੀ (ਸੁਪਰ) ਫਲੈਟਾਂ ਨੇੜੇ ਬਣ ਰਹੀ ਬਹੁ-ਮੰਜ਼ਲਾਂ ਇਮਾਰਤ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਇਲਾਕੇ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆਂ। ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਕਿਹਾ ਕਿ ਸੈਕਟਰ-70 ਪਹਿਲਾਂ ਹੀ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਪਿੰਡ ਮਟੌਰ ਸਮੇਤ ਲਗਭਗ 26,000 ਲੋਕ ਇੱਕੇ ਵੱਸਦੇ ਹਨ। ਜਿੱਥੇ ਐੱਲਆਈ ਜੀ ਤੇ ਐੱਮਆਈਜੀ ਸੁਪਰ ਫਲੈਟ, ਵੱਖ-ਵੱਖ ਹਾਊਸਿੰਗ ਸੁਸਾਇਟੀਆਂ ਅਤੇ ਹੋਰ ਰਿਹਾਇਸ਼ੀ ਇਲਾਕੇ ਹੋਣ ਪਹਿਲਾਂ ਹੀ ਆਬਾਦੀ ਕਾਫ਼ੀ ਜ਼ਿਆਦਾ ਹੈ। ਐਸੋਸੀਏਸ਼ਨਾਂ ਅਨੁਸਾਰ ਇੱਥੇ ਹੁਣ ਲਗਭਗ 1.70 ਏਕੜ ਜ਼ਮੀਨ ਗਮਾਡਾ ਵੱਲੋਂ ਪ੍ਰਾਈਵੇਟ ਸੁਸਾਇਟੀ ਨੂੰ ਅਲਾਟ ਕੀਤੀ ਗਈ ਹੈ, ਜਿੱਥੇ ਬਹੁ-ਮੰਜ਼ਲਾਂ ਰਿਹਾਇਸ਼ੀ ਇਮਾਰਤ ਬਣ ਰਹੀ ਹੈ। ਇਸ ਤੋਂ ਲਗਭਗ 150 ਮੀਟਰ ਦੀ ਦੂਰੀ ’ਤੇ ਪਹਿਲਾਂ ਹੀ ਇਕ ਬਹੁ-ਮੰਜ਼ਲਾਂ ਹਾਊਸਿੰਗ ਸੁਸਾਇਟੀ ਮੌਜੂਦ ਹੈ। ਇਸ ਤੋਂ ਇਲਾਵਾ ਇਲਾਕੇ ਵਿਚ ਕਈ ਸਕੂਲ ਹੋਣ ਕਾਰਨ ਪਹਿਲਾਂ ਹੀ ਟ੍ਰੈਫ਼ਿਕ ਦਾ ਕਾਫ਼ੀ ਦਬਾਅ ਰਹਿੰਦਾ ਹੈ। ਹੁਣ ਹੋਰ ਨਵੀਂ ਬਹੁ-ਮੰਜ਼ਲਾਂ ਇਮਾਰਤ ਬਣਨ ਨਾਲ ਇਲਾਕੇ ਵਿਚ ਆਵਾਜਾਈ ਸਮੱਸਿਆ ਵਧਣ ਦੇ ਨਾਲ-ਨਾਲ ਸੀਵਰੇਜ, ਡਰੇਨੇਜ ਪਾਈਪਲਾਈਨਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਵੇਸਟ ਮਟੀਰੀਅਲ ਦੇ ਨਿਪਟਾਰੇ ਨਾਲ ਸਬੰਧਤ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ। ਸੈਕਟਰ ਵਾਸੀਆਂ ਨੇ ਵਿਧਾਇਕ ਦੇ ਧਿਆਨ ਵਿਚ ਲਿਆਂਦਾ ਕਿ ਸੈਕਟਰ-70 ਵਿਚ ਪਹਿਲਾਂ ਹੀ ਖੇਡ ਮੈਦਾਨ ਜਾਂ ਸਟੇਡੀਅਮ ਦੀ ਘਾਟ ਹੈ, ਜਦਕਿ ਫੇਜ਼-7, ਸੈਕਟਰ-69, ਸੈਕਟਰ-71 ਅਤੇ ਸੈਕਟਰ-78 ਵਿਚ ਖੇਡ ਸਹੂਲਤਾਂ ਉਪਲਬਧ ਹਨ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਜ਼ਮੀਨ ਦੀ ਵਰਤੋਂ ਅਤੇ ਇਲਾਕੇ ਦੀ ਆਬਾਦੀ ਨੂੰ ਧਿਆਨ ’ਚ ਰੱਖਦਿਆਂ ਇਸ ਪ੍ਰਾਜੈਕਟ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਲੋੜ ਪੈਣ ’ਤੇ ਸੁਸਾਇਟੀ ਨੂੰ ਕਿਸੇ ਹੋਰ ਢੁਕਵੀਂ ਥਾਂ ’ਤੇ ਤਬਦੀਲ ਕੀਤਾ ਜਾਵੇ। ਵਫ਼ਦ ਮੁਤਾਬਕ ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ’ਤੇ ਹੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਇਸ ਸਬੰਧੀ ਢੁਕਵੀਂ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਮੌਕੇ ‘ਆਪ’ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਗੁਰਜੀਤ ਮਾਮਾ ਸਮੇਤ ਐਮਆਈਜੀ ਸੁਪਰ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ. ਕੰਬੋਜ ਤੇ ਜਨਰਲ ਸਕੱਤਰ ਆਰ.ਕੇ. ਗੁਪਤਾ, ਐਲਆਈਜੀ ਐਸੋਸੀਏਸ਼ਨ ਦੇ ਖ਼ਜ਼ਾਨਚੀ ਮਨਜੀਤ ਸਿੰਘ, ਸਾਬਕਾ ਪ੍ਰਧਾਨ ਸੰਤੋਖ ਸਿੰਘ ਤੇ ਸਕੱਤਰ ਚਰਨਜੀਤ ਸਿੰਘ, ਐ੍ਮਆਈਜੀ ਸੁਤੰਤਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ, ਐਸਸੀਐਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ, ਐਮਆਈਜੀ ਸੁਤੰਤਰ 2000 ਦੇ ਪ੍ਰਧਾਨ ਬਿਪਨਜੀਤ ਸਿੰਘ, ਮੰਜੂ ਪਾਠਕ ਅਤੇ ਮੁੰਡੀ ਸੁਸਾਇਟੀ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।