ਖੇਡਾਂ ਵਤਨ ਪੰਜਾਬ ਦੀਆਂ 2026-27 : ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਆਖ਼ਰੀ ਦਿਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਹੁਨਰ ਖੇਡਾਂ ਵਤਨ ਪੰਜਾਬ ਦੀਆਂ 2026-27 : ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਆਖ਼ਰੀ ਦਿਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਹੁਨਰ
Publish Date: Tue, 06 Oct 2026 09:02 PM (IST)
Updated Date: Tue, 06 Oct 2026 09:05 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਕਰਵਾਈਆ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਚੌਥੇ ਅਤੇ ਪੰਜਵੇਂ (ਆਖ਼ਰੀ ਦਿਨ) ਦੇ ਖੇਡ ਮੁਕਾਬਲਿਆਂ ਵਿਚ ਮੁਕਾਬਲੇਬਾਜ਼ੀ ਦਾ ਪੱਧਰ ਹੋਰ ਵੀ ਉੱਚਾ ਦੇਖਣ ਨੂੰ ਮਿਲਿਆ। ਵੱਖ-ਵੱਖ ਖੇਡ ਮੈਦਾਨਾਂ ’ਚ ਖਿਡਾਰੀਆਂ ਨੇ ਆਪਣੀ ਤਾਕਤ, ਹੁਨਰ ਅਤੇ ਰਣਨੀਤੀ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਨੂੰ ਰੋਮਾਂਚਕ ਬਣਾਇਆ। ਚੌਥੇ ਦਿਨ ਦੇ ਮੁਕਾਬਲਿਆਂ ਵਿਚ ਐਥਲੈਟਿਕਸ ਗੇਮ ਦੇ ਨਤੀਜੇ ਸ਼ਾਨਦਾਰ ਰਹੇ ਅੰਡਰ-17 ਵਿਚ 400 ਮੀਟਰ ਈਵੈਂਟ ’ਚ ਰੌਣਕ ਨੇ ਪਹਿਲਾ ਸਥਾਨ, ਕੁਲਨੂਰ ਸਿੰਘ ਮੁਹਾਲੀ ਨੇ ਦੂਸਰਾ ਸਥਾਨ, ਦੀਪਕ ਕੁਮਾਰ ਝੰਜੇੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਉਮਰ ਵਰਗ 41-60 ਸਾਲ ਵਿਚ ਮਨਮੋਹਨ ਸਿੰਘ ਡੇਰਾਬੱਸੀ ਨੇ ਪਹਿਲਾ, ਸੁਰਿੰਦਰਪਾਲ ਸਿੰਘ ਖਰੜ ਨੇ ਦੂਜਾ ਅਤੇ ਮਨਜੀਤ ਸਿੰਘ ਡੇਰਾਬੱਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਮੰਗਲਵਾਰ ਨੂੰ ਪੰਜਵੇਂ ਅਤੇ ਆਖ਼ਰੀ ਦਿਨ ਬਾਸਕਟਬਾਲ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਖਿਡਾਰੀਆਂ ਵਿਚਕਾਰ ਆਖ਼ਰੀ ਪਲਾਂ ਤੱਕ ਸਖ਼ਤ ਟੱਕਰ ਦੇਖਣ ਨੂੰ ਮਿਲੀ। ਨੌਜਵਾਨ ਖਿਡਾਰੀਆਂ ਵੱਲੋਂ ਦਿਖਾਈ ਗਈ ਲਗਨ ਅਤੇ ਖੇਡ ਪ੍ਰਤੀ ਸਮਰਪਣ ਨੇ ਖੇਡ ਮੈਦਾਨਾਂ ਵਿਚ ਇਕ ਨਵਾਂ ਜੋਸ਼ ਪੈਦਾ ਕੀਤਾ। ਇਸ ਤਰ੍ਹਾਂ ਨਤੀਜੇ ਵੀ ਸ਼ਾਨਦਾਰ ਰਹੇ। ਫੁੱਟਬਾਲ ਦੇ ਮੁਕਾਬਲਿਆਂ ਵਿਚ ਚੀਤਾ ਐੱਫਸੀ ਟੀਮ ਨੇ ਸੇਮਰੋਕ ਸਕੂਲ ਦੀ ਟੀਮ ਨੂੰ 02 ਅੰਕਾਂ ਨਾਲ ਹਰਾਇਆ, ਖ਼ਾਲਸਾ ਅਕੈਡਮੀ ਨੇ ਸਿੰਘਪੁਰਾ ਟੀਮ ਨੂੰ 04 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਲੜਕੀਆਂ ਦੀ ਟੀਮ ਵਿਚ ਉਮਰ ਵਰਗ ਅੰਡਰ-14 ਦੀ ਟੀਮ ਵਿਚ ਬੀਐੱਸਐੱਚ ਆਰਿਆ ਨੇ ਪ੍ਰਭ ਆਸਰਾ ਨੂੰ 04 ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸੇਮਰੋਕ ਸਕੂਲ ਨੇ ਸਿੰਘਪੁਰਾ ਦੀ ਟੀਮ ਨੂੰ 01 ਅੰਕ ਨਾਲ ਹਰਾਇਆ। ਖੇਲੋਂ ਇੰਡੀਆਂ ਅੰਡਰ-14 ਦੀ ਟੀਮ ਨੇ ਓਕ੍ਰਿਜ ਨੂੰ 03 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਤਰ੍ਹਾਂ ਹੀ ਖ਼ਾਲਸਾ ਅਕੈਡਮੀ ਨੇ ਚੀਤਾ ਐੱਫ਼ਸੀ ਟੀਮ ਨੂੰ 02 ਅੰਕਾਂ ਨਾਲ ਹਰਾਇਆ। ਮੁਕਾਬਲਿਆਂ ਦੇ ਸਮਾਪਤੀ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਤਰ੍ਹਾਂ ਹਾਰ-ਜਿੱਤ ਤੋਂ ਉੱਪਰ ਉੱਠ ਕੇ ਖਿਡਾਰੀਆਂ ਨੇ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਿਆਂ “ਖੇਡਾਂ ਵਤਨ ਪੰਜਾਬ ਦੀਆਂ” ਦੇ ਮਕਸਦ ਨੂੰ ਸਾਰਥਕ ਕੀਤਾ। ਜ਼ਿਲ੍ਹਾ ਪੱਧਰੀ ਮੁਕਾਬਲੇ ਹੁਣ ਆਪਣੇ ਅਹਿਮ ਪੜਾਅ ਵੱਲ ਵੱਧ ਰਹੇ ਹਨ। ਅੰਤ ਵਿਚ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਵੱਲੋਂ ਕਿਹਾ ਗਿਆ ਕਿ ਮੈਚਾਂ ਵਿਚ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਬਿਹਤਰ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਖੇਡਾਂ ਦੇ ਖੇਤਰ ਵਿਚ ਨਵੀਂ ਉਚਾਈਆ ਛੂਹਣ ਲਈ ਪੂਰੀ ਤਰ੍ਹਾਂ ਤਿਆਰ ਹੈ।