ਨੋਟਿਸ ਬੋਰਡ ਦੇ ਸਾਹਮਣੇ ਹੀ ਲੱਗੇ ਗੰਦਗੀ ਦੇ ਢੇਰ, ਪ੍ਰਸ਼ਾਸਨ ਬੇਖ਼ਬਰ ਨੋਟਿਸ ਬੋਰਡ ਦੇ ਸਾਹਮਣੇ ਹੀ ਲੱਗੇ ਗੰਦਗੀ ਦੇ ਢੇਰ, ਪ੍ਰਸ਼ਾਸਨ ਬੇਖ਼ਬਰ
Publish Date: Wed, 11 Nov 2026 07:16 PM (IST)
Updated Date: Wed, 11 Nov 2026 07:18 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਇੱਥੋਂ ਦੇ ਮੁਬਾਰਕਪੁਰ ਰੋਡ ’ਤੇ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਅਤੇ ਲੋਕਾਂ ਦੀ ਲਾਪਰਵਾਹੀ ਦਾ ਪ੍ਰਤੱਖ ਪ੍ਰਮਾਣ ਦੇਖਣ ਨੂੰ ਮਿਲ ਰਿਹਾ ਹੈ। ਸੜਕ ਕਿਨਾਰੇ ਲਗਾਏ ਗਏ ਇਕ ਸਰਕਾਰੀ ਨੋਟਿਸ ਬੋਰਡ ਦੇ ਐਨ ਸਾਹਮਣੇ ਗੰਦਗੀ ਅਤੇ ਕੂੜੇ ਦੇ ਵਿਸ਼ਾਲ ਢੇਰ ਲੱਗੇ ਹੋਏ ਹਨ, ਪਰ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਪ੍ਰਸ਼ਾਸਨ ਵੱਲੋਂ ਇਕ ਬੋਰਡ ਲਗਾਇਆ ਗਿਆ ਹੈ, ਜਿਸ ਉੱਤੇ ਸਪੱਸ਼ਟ ਸ਼ਬਦਾਂ ’ਚ ਲਿਖਿਆ ਹੈ ਕਿ ‘ਇੱਥੇ ਕੂੜਾ ਸੁੱਟਣ ਦੀ ਸਖ਼ਤ ਮਨਾਹੀ ਹੈ। ਜੇਕਰ ਕੋਈ ਕੂੜਾ ਸੁੱਟਦਾ ਫੜਿਆ ਗਿਆ ਤਾਂ ਉਸ ਨੂੰ 20,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ’ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਲਿਖਤੀ ਚਿਤਾਵਨੀ ਦਾ ਨਾ ਤਾਂ ਆਮ ਲੋਕਾਂ ’ਤੇ ਕੋਈ ਅਸਰ ਹੋ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਨਿਯਮ ਨੂੰ ਲਾਗੂ ਕਰਵਾਉਣ ਲਈ ਗੰਭੀਰ ਨਜ਼ਰ ਆ ਰਿਹਾ ਹੈ। ਸਥਾਨਕ ਨਿਵਾਸੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਇਸ ਕੂੜੇ ਦੇ ਢੇਰ ਕਾਰਨ ਖੇਤਰ ’ਚ ਅਸਹਿ ਬਦਬੂ ਫੈਲੀ ਹੋਈ ਹੈ। ਦਿਨ-ਬ-ਦਿਨ ਵੱਧ ਰਹੀ ਗੰਦਗੀ ਕਾਰਨ ਮੱਖੀਆਂ-ਮੱਛਰਾਂ ਦਾ ਪ੍ਰਕੋਪ ਵੱਧ ਰਿਹਾ ਹੈ, ਜਿਸ ਨਾਲ ਇਲਾਕੇ ’ਚ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਆਵਾਰਾ ਪਸ਼ੂ ਵੀ ਦਿਨ-ਰਾਤ ਇਸ ਕੂੜੇ ’ਚ ਮੂੰਹ ਮਾਰਦੇ ਰਹਿੰਦੇ ਹਨ, ਜਿਸ ਨਾਲ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕੇਵਲ ਬੋਰਡ ਲਗਾ ਕੇ 20,000 ਰੁਪਏ ਦੇ ਜੁਰਮਾਨੇ ਦੀ ਧਮਕੀ ਦੇਣ ਨਾਲ ਸਫ਼ਾਈ ਨਹੀਂ ਹੋ ਸਕਦੀ। ਜਦੋਂ ਤੱਕ ਪ੍ਰਸ਼ਾਸਨ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ ਅਤੇ ਨਿਯਮਿਤ ਰੂਪ ’ਚ ਇੱਥੋਂ ਕੂੜਾ ਚੁੱਕਣ ਦਾ ਪ੍ਰਬੰਧ ਨਹੀਂ ਕਰਦਾ, ਉਦੋਂ ਤੱਕ ਸਥਿਤੀ ’ਚ ਸੁਧਾਰ ਨਹੀਂ ਆ ਸਕਦਾ। ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਥਾਂ ਤੋਂ ਤੁਰੰਤ ਗੰਦਗੀ ਦੇ ਢੇਰ ਚੁੱਕਵਾਏ ਜਾਣ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਬੋਰਡ ਅਨੁਸਾਰ ਜੁਰਮਾਨਾ ਲਗਾਇਆ ਜਾਵੇ ਅਤੇ ਇਲਾਕੇ ’ਚ ਸਫ਼ਾਈ ਵਿਵਸਥਾ ਨੂੰ ਪਟੜੀ ’ਤੇ ਲਿਆਂਦਾ ਜਾਵੇ।