PGI 'ਚ ਲਾਪਰਵਾਹੀ ਦੀਆਂ ਹੱਦਾਂ ਪਾਰ: ਰਿਕਾਰਡ 'ਚ ਪੁੱਤਰ, ਹਸਪਤਾਲ 'ਚ ਬੱਚੀ ਤੇ ਡੈੱਥ ਸਰਟੀਫਿਕੇਟ 'ਚ ਟਰਾਂਸਜੈਂਡਰ; ਪਰਿਵਾਰ ਦੇ ਉੱਡੇ ਹੋਸ਼
ਪੀਜੀਆਈ ਵਿਚ ਨਵ ਜੰਮੇ ਬੱਚੇ ਦੇ ਜੈਂਡਰ ਨੂੰ ਲੈ ਕੇ ਸਾਹਮਣੇ ਆਏ ਹੈਰਾਨਜਨਕ ਰਿਕਾਰਡ ਨੇ ਹਸਪਤਾਲ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਨਮ ਤੋਂ ਬਾਅਦ ਪੀਜੀਆਈ ਨੇ ਪਰਿਵਾਰ ਨੂੰ ਨਵ ਜੰਮੇ ਬੱਚੇ ਦੇ ਲੜਕਾ ਹੋਣ ਦੀ ਜਾਣਕਾਰੀ ਦਿੱਤੀ ਅਤੇ ਹਸਪਤਾਲ ਦੇ ਰਿਕਾਰਡ ’ਚ ਵੀ ‘ਮੇਲ ਬੇਬੀ’ ਦਰਜ ਕੀਤਾ ਗਿਆ। ਬੱਚੇ ਨੂੰ ਇਲਾਜ ਲਈ ਮੋਰਿੰਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਪਰਿਵਾਰ ਮੁਤਾਬਕ ਉੱਥੇ ਉਸ ਨੂੰ ਲੜਕੀ ਦੱਸਿਆ ਗਿਆ। ਇਸ ਤੋਂ ਬਾਅਦ ਬੱਚੇ ਦੀ ਅਦਲਾ-ਬਦਲੀ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ। ਬੱਚੇ ਦੀ ਮੌਤ ਤੋਂ ਬਾਅਦ ਪੀਜੀਆਈ ਵੱਲੋਂ ਜਾਰੀ ਮੌਤ ਸਰਟੀਫਿਕੇਟ ਵਿੱਚ ਉਸ ਨੂੰ ਟਰਾਂਸਜੈਂਡਰ ਦਰਜ ਕੀਤਾ ਗਿਆ ਹ
Publish Date: Wed, 09 Sep 2026 11:10 AM (IST)
Updated Date: Wed, 09 Sep 2026 11:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੀਜੀਆਈ ਵਿਚ ਨਵ ਜੰਮੇ ਬੱਚੇ ਦੇ ਜੈਂਡਰ ਨੂੰ ਲੈ ਕੇ ਸਾਹਮਣੇ ਆਏ ਹੈਰਾਨਜਨਕ ਰਿਕਾਰਡ ਨੇ ਹਸਪਤਾਲ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਨਮ ਤੋਂ ਬਾਅਦ ਪੀਜੀਆਈ ਨੇ ਪਰਿਵਾਰ ਨੂੰ ਨਵ ਜੰਮੇ ਬੱਚੇ ਦੇ ਲੜਕਾ ਹੋਣ ਦੀ ਜਾਣਕਾਰੀ ਦਿੱਤੀ ਅਤੇ ਹਸਪਤਾਲ ਦੇ ਰਿਕਾਰਡ ’ਚ ਵੀ ‘ਮੇਲ ਬੇਬੀ’ ਦਰਜ ਕੀਤਾ ਗਿਆ। ਬੱਚੇ ਨੂੰ ਇਲਾਜ ਲਈ ਮੋਰਿੰਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਪਰਿਵਾਰ ਮੁਤਾਬਕ ਉੱਥੇ ਉਸ ਨੂੰ ਲੜਕੀ ਦੱਸਿਆ ਗਿਆ। ਇਸ ਤੋਂ ਬਾਅਦ ਬੱਚੇ ਦੀ ਅਦਲਾ-ਬਦਲੀ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ। ਬੱਚੇ ਦੀ ਮੌਤ ਤੋਂ ਬਾਅਦ ਪੀਜੀਆਈ ਵੱਲੋਂ ਜਾਰੀ ਮੌਤ ਸਰਟੀਫਿਕੇਟ ਵਿੱਚ ਉਸ ਨੂੰ ਟਰਾਂਸਜੈਂਡਰ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਵਿਚ ਵੀ ਲਿੰਗ ਸਪੱਸ਼ਟ ਨਾ ਹੋਣ ਦਾ ਜ਼ਿਕਰ ਹੈ। ਹੁਣ ਡੀਐੱਨਏ ਅਤੇ ਲਿੰਗ ਨਿਰਧਾਰਨ ਦੀ ਜਾਂਚ ਨਾਲ ਹੀ ਇਸ ਪੂਰੇ ਮਾਮਲੇ ਵਿੱਚ ਬੱਚੇ ਦੀ ਪਛਾਣ ਅਤੇ ਜੈਵਿਕ ਲਿੰਗ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਮਨੀਮਾਜਰਾ ਵਾਸੀ 22 ਸਾਲਾ ਮਹਿਲਾ ਨੂੰ ਜਣੇਪੇ ਲਈ 17 ਅਗਸਤ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਮੁਤਾਬਕ 18 ਅਗਸਤ ਦੀ ਸਵੇਰ ਕਰੀਬ 5:20 ਵਜੇ ਜਣੇਪਾ ਹੋਇਆ। ਡਾਕਟਰਾਂ ਅਤੇ ਸਟਾਫ ਨੇ ਨਵਜਾਤ ਦੇ ਪੁੱਤਰ ਹੋਣ ਦੀ ਜਾਣਕਾਰੀ ਦਿੱਤੀ। ਹਸਪਤਾਲ ਦੇ ਰਿਕਾਰਡ ਵਿੱਚ ਵੀ ‘ਮੇਲ ਬੇਬੀ’ ਦਰਜ ਕੀਤਾ ਗਿਆ। ਨਵਜਾਤ ਕਰੀਬ 23 ਹਫ਼ਤਿਆਂ ਦਾ ਸੀ ਅਤੇ ਉਸ ਦਾ ਭਾਰ ਲਗਭਗ 600 ਗ੍ਰਾਮ ਸੀ। ਬਹੁਤ ਜ਼ਿਆਦਾ ਪ੍ਰੀਮੈਚਿਊਰ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਸੀ ਅਤੇ ਉਸ ਨੂੰ ਐੱਨਆਈਸੀਯੂ ਦੀ ਦੇਖਭਾਲ ਦੀ ਲੋੜ ਸੀ। ਪਰਿਵਾਰ ਮੁਤਾਬਕ ਪੀਜੀਆਈ ਵਿੱਚ ਨਵਜਾਤ ਲਈ ਬੈੱਡ ਉਪਲੱਬਧ ਨਾ ਹੋਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ 18 ਅਗਸਤ ਦੀ ਰਾਤ ਨਵਜਾਤ ਨੂੰ ਮੋਰਿੰਡਾ ਦੇ ਫਤਿਹ ਹਸਪਤਾਲ ਲਿਜਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਬੱਚੀ ਦੱਸਿਆ। ਕੁਝ ਘੰਟੇ ਪਹਿਲਾਂ ਪੀਜੀਆਈ ਵਿੱਚ ਪੁੱਤਰ ਦੱਸੇ ਗਏ ਨਵਜਾਤ ਨੂੰ ਨਿੱਜੀ ਹਸਪਤਾਲ ’ਚ ਬੱਚੀ ਦੱਸੇ ਜਾਣ ਤੋਂ ਬਾਅਦ ਪਰਿਵਾਰ ਦਾ ਸ਼ੱਕ ਹੋਰ ਡੂੰਘਾ ਹੋ ਗਿਆ।
ਵਾਪਸ ਪੀਜੀਆਈ ਲਿਆਂਦਾ, 21 ਅਗਸਤ ਨੂੰ ਮੌਤ ਸ਼ਿਕਾਇਤ ਤੋਂ ਬਾਅਦ ਨਵਜਾਤ ਨੂੰ ਵਾਪਸ ਪੀਜੀਆਈ ਲਿਆਂਦਾ ਗਿਆ। ਪਰਿਵਾਰ ਮੁਤਾਬਕ ਇੱਥੇ ਉਨ੍ਹਾਂ ਨੂੰ ਨਵਜਾਤ ਦੀ ਹਾਲਤ ਗੰਭੀਰ ਹੋਣ ਅਤੇ ਲਿੰਗ ਨੂੰ ਲੈ ਕੇ ਸਥਿਤੀ ਸਪੱਸ਼ਟ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ। ਇਲਾਜ ਦੌਰਾਨ 21 ਅਗਸਤ ਨੂੰ ਨਵਜਾਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ। ਮੈਡੀਕਲ ਸਰਟੀਫਿਕੇਟ ਆਫ ਕਾਜ਼ ਆਫ ਡੈਥ ਮੁਤਾਬਕ ਨਵਜਾਤ ਦੀ ਮੌਤ ਬਹੁਤ ਜ਼ਿਆਦਾ ਪ੍ਰੀਮੈਚਿਊਰਿਟੀ, ਬੇਹੱਦ ਘੱਟ ਭਾਰ, ਗੰਭੀਰ ਸਾਹ ਸਬੰਧੀ ਸਮੱਸਿਆ ਅਤੇ ਸੈਪਟਿਕ ਸ਼ਾਕ ਵਰਗੀਆਂ ਜਟਿਲਤਾਵਾਂ ਕਾਰਨ ਹੋਈ। ਇੱਕੋ ਨਵਜਾਤ ਦੇ ਮਾਮਲੇ ਵਿੱਚ ਪੀਜੀਆਈ ਦੇ ਸ਼ੁਰੂਆਤੀ ਰਿਕਾਰਡ ਵਿੱਚ ‘ਮੇਲ ਬੇਬੀ’, ਨਿੱਜੀ ਹਸਪਤਾਲ ਵਿੱਚ ਬੱਚੀ ਅਤੇ ਮੌਤ ਸਰਟੀਫਿਕੇਟ ਵਿੱਚ ਟਰਾਂਸਜੈਂਡਰ ਦਰਜ ਹੋਣ ਕਾਰਨ ਰਿਕਾਰਡ ਦੀ ਸਥਿਤੀ ’ਤੇ ਸਵਾਲ ਉੱਠ ਰਹੇ ਹਨ। ਉੱਥੇ ਹੀ ਪੋਸਟਮਾਰਟਮ ਰਿਪੋਰਟ ਵਿੱਚ ਨਵਜਾਤ ਦਾ ਲਿੰਗ ਸਪੱਸ਼ਟ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਪਰਿਵਾਰ ਨੇ ਮੰਗੇ ਰਿਕਾਰਡ ਅਤੇ ਸੀਸੀਟੀਵੀ ਪਰਿਵਾਰ ਨੇ ਪੀਜੀਆਈ ਅਤੇ ਨਿੱਜੀ ਹਸਪਤਾਲ ਦੇ ਮੈਡੀਕਲ ਰਿਕਾਰਡ, ਨਵਜਾਤ ਦੀ ਪਛਾਣ ਨਾਲ ਸਬੰਧਤ ਟੈਗ, ਡਿਊਟੀ ਰੋਸਟਰ ਅਤੇ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਾਂਚ ਵਿੱਚ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਪੀਜੀਆਈ ਵਿੱਚ ਨਵਜਾਤ ਨੂੰ ਪੁੱਤਰ ਦੱਸੇ ਜਾਣ, ਨਿੱਜੀ ਹਸਪਤਾਲ ਵਿੱਚ ਬੱਚੀ ਦੱਸੇ ਜਾਣ ਅਤੇ ਮੌਤ ਸਰਟੀਫਿਕੇਟ ਵਿੱਚ ਟਰਾਂਸਜੈਂਡਰ ਦਰਜ ਹੋਣ ਪਿੱਛੇ ਅਸਲ ਸਥਿਤੀ ਕੀ ਸੀ।
“ਮਾਮਲਾ ਸਮਰੱਥ ਅਧਿਕਾਰੀਆਂ ਦੀ ਜਾਂਚ ਅਧੀਨ ਹੈ। ਜਾਂਚ ਜਾਰੀ ਹੋਣ ਕਾਰਨ ਇਸ ਪੱਧਰ ’ਤੇ ਮਾਮਲੇ ਬਾਰੇ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ। ਜਾਂਚ ਪੂਰੀ ਹੋਣ ਅਤੇ ਤੱਥ ਸਥਾਪਿਤ ਹੋਣ ਤੋਂ ਬਾਅਦ ਸੰਸਥਾ ਵੱਲੋਂ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।”
— ਅਧਿਕਾਰਤ ਬੁਲਾਰੇ, ਪੀਜੀਆਈ।