- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਤੇ ਮੁਹਾਲੀ ’ਚ ਤੇਲ ਕੀਮਤਾਂ ’ਚ ਵੱਡਾ ਅੰਤਰ ਹੋਣ ਕਾਰਨ ਪੈਟਰੋਲ ਪੰਪ ਮਾਲਕ ਔਖੇ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ :
ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਕਾਰੋਬਾਰ ਨਾਲ ਜੁੜੇ ਡੀਲਰਾਂ ਲਈ ਸਥਿਤੀ ਬਹੁਤ ਗੰਭੀਰ ਬਣ ਚੁੱਕੀ ਹੈ। ਚੰਡੀਗੜ੍ਹ ਅਤੇ ਮੁਹਾਲੀ ’ਚ ਤੇਲ ਦੀਆਂ ਕੀਮਤਾਂ ’ਚ ਵੱਡਾ ਅੰਤਰ ਹੋਣ ਕਾਰਨ ਮੁਹਾਲੀ ਦੇ ਪੈਟਰੋਲ ਪੰਪ ਡੀਲਰਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੁਹਾਲੀ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੰਜਾਬ) ਦੇ ਸੂਬਾ ਆਗੂ ਅਸ਼ਵਿੰਦਰ ਮੋਂਗੀਆ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਅਕਤੂਬਰ 2017 ਤੋਂ ਲਗਾਤਾਰ ਵੈਟ ਦੀਆਂ ਦਰਾਂ ’ਚ ਕਟੌਤੀ ਕੀਤੀ ਜਾਂਦੀ ਰਹੀ ਹੈ, ਜਦੋਂਕਿ ਪੰਜਾਬ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਇਆ ਗਿਆ ਹੈ। ਜਿਸ ਕਾਰਨ ਚੰਡੀਗੜ੍ਹ ਅਤੇ ਮੁਹਾਲੀ ’ਚ ਤੇਲ ਕੀਮਤਾਂ ’ਚ ਵੱਡਾ ਅੰਤਰ ਹੈ। ਮੁਹਾਲੀ ਜ਼ਿਲ੍ਹੇ ਸਮੇਤ ਹੋਰ ਨੇੜਲੇ ਇਲਾਕਿਆਂ ਦੇ ਲੋਕ, ਵਾਹਨ ਚਾਲਕ ਆਪਣੇ ਵਾਹਨਾਂ ਵਿਚ ਤੇਲ ਪੁਆਉਣ ਲਈ ਮੁਹਾਲੀ (ਪੰਜਾਬ) ਦੀ ਥਾਂ ਚੰਡੀਗੜ੍ਹ ਨੂੰ ਤਵੱਜੋ ਦਿੰਦੇ ਹਨ।
ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ਵਿਚ ਪੈਟਰੋਲ 4.28 ਰੁਪਏ ਪ੍ਰਤੀ ਲੀਟਰ ਮਹਿੰਗਾ ਹੈ (ਮੁਹਾਲੀ ’ਚ ਕੀਮਤ 105.79 ਰੁਪਏ ਅਤੇ ਚੰਡੀਗੜ੍ਹ ’ਚ 101.51 ਰੁਪਏ ਪ੍ਰਤੀ ਲੀਟਰ)। ਇਸੇ ਤਰ੍ਹਾਂ ਡੀਜ਼ਲ: ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ’ਚ ਡੀਜ਼ਲ 6.22 ਰੁਪਏ ਪ੍ਰਤੀ ਲੀਟਰ ਮਹਿੰਗਾ ਹੈ (ਮੁਹਾਲੀ ’ਚ ਕੀਮਤ 95.69 ਰੁਪਏ ਅਤੇ ਚੰਡੀਗੜ੍ਹ ’ਚ 89.47 ਰੁਪਏ ਪ੍ਰਤੀ ਲੀਟਰ) ਹੈ। ਇਸ ਅੰਤਰ ਕਾਰਨ ਚੰਡੀਗੜ੍ਹ ਦੇ ਡੀਲਰਾਂ ਦਾ ਕਾਰੋਬਾਰ ਤਾਂ ਚੰਗਾ ਚੱਲ ਰਿਹਾ ਹੈ, ਪਰ ਮੁਹਾਲੀ ਦੇ ਡੀਲਰ ਦੀਵਾਲੀਆ ਹੋਣ ਦੇ ਕੰਢੇ ''ਤੇ ਪਹੁੰਚ ਗਏ ਹਨ।
ਬਾਕਸ : ਤੇਲ ਦੀ ਗ਼ੈਰ-ਕਾਨੂੰਨੀ ਤਸਕਰੀ ਅਤੇ ਆਇਲ ਮਾਫ਼ੀਆ
ਅਸ਼ਵਿੰਦਰ ਮੋਂਗੀਆ ਦਾ ਕਹਿਣਾ ਹੈ ਕਿ ਤੇਲ ਕੀਮਤਾਂ ਦੇ ਇਸ ਵੱਡੇ ਫ਼ਰਕ ਕਾਰਨ ਚੰਡੀਗੜ੍ਹ ਦੇ ਕੁਝ ਡੀਲਰਾਂ ਅਤੇ ਤੇਲ ਮਾਫ਼ੀਆ ਵੱਲੋਂ ਨਾਜਾਇਜ਼ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਪੈਟਰੋਲੀਅਮ ਉਤਪਾਦਾਂ ਦੀ ਵੱਡੇ ਪੱਧਰ ''ਤੇ ਕਥਿਤ ਤਸਕਰੀ ਹੋ ਰਹੀ ਹੈ।
ਡੀਜ਼ਲ ਨੂੰ ਬ੍ਰਾਊਜ਼ਰਜ਼ (ਪੋਰਟੇਬਲ ਟੈਂਕਰਾਂ) ਰਾਹੀਂ ਸਰਹੱਦ ਪਾਰ ਕਰਵਾ ਕੇ ਮੁਹਾਲੀ, ਲਾਂਡਰਾਂ, ਨਿਊ ਚੰਡੀਗੜ੍ਹ, ਡੇਰਾਬੱਸੀ, ਲਾਲੜੂ ਅਤੇ ਬਨੂੜ ਦੀਆਂ ਫੈਕਟਰੀਆਂ, ਕਿਸਾਨਾਂ, ਹਾਊਸਿੰਗ ਸੁਸਾਇਟੀਆਂ ਅਤੇ ਦੁਕਾਨਦਾਰਾਂ ਤੱਕ ਸਪਲਾਈ ਕਰਨ ਬਾਰੇ ਪਤਾ ਲੱਗਾ ਹੈ। ਇਹ ਐਕਸਾਈਜ਼ ਅਤੇ ਵੈਟ ਨਿਯਮਾਂ ਦੀ ਘੋਰ ਉਲੰਘਣਾ ਹੈ।
ਬਾਕਸ : ਵਿਕਰੀ ਦੇ ਹੈਰਾਨ ਕਰਨ ਵਾਲੇ ਅੰਕੜੇ
ਸਰਹੱਦੀ ਇਲਾਕਿਆਂ ਦੇ ਪੰਪਾਂ ਦੀ ਕੀਤੇ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ ਇਕ ਸਰਹੱਦੀ ਪੰਪ ਦੀ ਡੀਜ਼ਲ ਦੀ ਵਿਕਰੀ ਪਿਛਲੇ ਸਾਲ ਦੇ 1108 ਕਿੱਲੋਲੀਟਰ ਪ੍ਰਤੀ ਮਹੀਨਾ ਤੋਂ ਵਧ ਕੇ ਇਸ ਸਾਲ 3261 ਕਿੱਲੋਲੀਟਰ ਪ੍ਰਤੀ ਮਹੀਨਾ ਹੋ ਗਈ ਹੈ, (ਲਗਭਗ 200 ਫੀਸਦੀ ਦਾ ਵਾਧਾ)। ਇਸ ਦੇ ਮੁਕਾਬਲੇ ਇਸ ਦੇ ਨੇੜੇ ਹੀ ਸਥਿਤ ਮੁਹਾਲੀ ਦੇ ਇਕ ਰਿਟੇਲ ਆਊਟਲੈੱਟ ''ਤੇ ਡੀਜ਼ਲ ਦੀ ਵਿਕਰੀ ਸਿਰਫ਼ 272 ਕਿੱਲੋਲੀਟਰ ਪ੍ਰਤੀ ਮਹੀਨਾ ਰਹਿ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਇਸ ਘਪਲੇ ’ਚ ਚੰਡੀਗੜ੍ਹ ਦੇ ਕੁਝ ਕੰਪਨੀ ਅਧਿਕਾਰੀਆਂ ਅਤੇ ਐਕਸਾਈਜ਼ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਬਾਕਸ : ਐਸੋਸੀਏਸ਼ਨ ਦੀਆਂ ਮੁੱਖ ਮੰਗਾਂ
ਪੰਜਾਬ ਦੀ ਰਾਜਧਾਨੀ ਹੋਣ ਦੇ ਨਾਤੇ ਚੰਡੀਗੜ੍ਹ ’ਚ ਵੀ ਵੈਟ ਦੀਆਂ ਦਰਾਂ ਪੰਜਾਬ ਦੇ ਬਰਾਬਰ ਕੀਤੀਆਂ ਜਾਣ ਤਾਂ ਜੋ ਪੰਜਾਬ ਦੇ ਤਬਾਹ ਹੋ ਰਹੇ ਪੈਟਰੋਲੀਅਮ ਕਾਰੋਬਾਰ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਸਰਕਾਰ ਦਾ ਮਾਲੀਆ ਵਧ ਸਕੇ। ਚੰਡੀਗੜ੍ਹ ਦੇ ਡੀਲਰਾਂ ਦੀ ਲਾਲਸਾ ਨੂੰ ਠੱਲ੍ਹ ਪਾਈ ਜਾਵੇ, ਤੇਲ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਤਸਕਰੀ ਵਰਗੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾਵੇ।