ਸੰਗਰੂਰ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ: ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ—ਢਿੱਲੋਂ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ’ਚ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸੰਗਰੂਰ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਪੈਟਰੋਲ ਬੰਬ ਹਮਲੇ ਅਤੇ ਪਟਿਆਲਾ ਵਿਖੇ ਇੱਕ ਘਰ ’ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
Publish Date: Tue, 28 Jul 2026 08:12 AM (IST)
Updated Date: Tue, 28 Jul 2026 08:14 AM (IST)
ਪੰਜਾਬੀ ਜਾਗਰਣ, ਬਿਊਰੋ, ਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ’ਚ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸੰਗਰੂਰ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਪੈਟਰੋਲ ਬੰਬ ਹਮਲੇ ਅਤੇ ਪਟਿਆਲਾ ਵਿਖੇ ਇੱਕ ਘਰ ’ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਢਿੱਲੋਂ ਨੇ ਕਿਹਾ ਕਿ ਸੂਬੇ ’ਚ ਰੋਜ਼ਾਨਾ ਵਾਪਰ ਰਹੇ ਧਮਾਕੇ, ਹਮਲੇ, ਲੁੱਟ-ਖੋਹ, ਕਤਲ ਅਤੇ ਖੂਨ-ਖਰਾਬੇ ਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਮੌਜੂਦਾ ਸਰਕਾਰ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਕਾਰਨ ਆਮ ਲੋਕ ਹੁਣ ਆਪਣੇ ਘਰਾਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹੋਇਆ ਹਮਲਾ ਅਤੇ ਪਟਿਆਲਾ ਵਿੱਚ ਇੱਕ ਘਰ 'ਤੇ ਕੀਤਾ ਗਿਆ ਪੈਟਰੋਲ ਬੰਬ ਹਮਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਅਪਰਾਧੀਆਂ ਦੇ ਮਨਾਂ ਵਿੱਚੋਂ ਪੁਲਿਸ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗ੍ਰਹਿ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਸੁਰੱਖਿਆ ਦਾ ਇਹ ਹਾਲ ਹੈ, ਤਾਂ ਬਾਕੀ ਪੰਜਾਬ ਦੇ ਹਾਲਾਤਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਪੰਜਾਬ ਵਿਚ ਅਜਿਹੇ ਹਮਲਿਆਂ ਦੀ ਲੜੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਨੇੜੇ ਧਮਾਕਾ, ਭਾਜਪਾ ਪੰਜਾਬ ਦੇ ਸੂਬਾ ਦਫ਼ਤਰ 'ਤੇ ਗ੍ਰਨੇਡ ਹਮਲਾ, ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਅੰਮ੍ਰਿਤਸਰ ਦੇ ਮੰਦਰ 'ਤੇ ਹਮਲਾ, ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਂਕੀ 'ਤੇ ਹਮਲਾ, ਸਰਹਾਲੀ ਪੁਲਿਸ ਥਾਣੇ 'ਤੇ ਆਰਪੀਜੀ ਹਮਲਾ, ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲਾ ਅਤੇ ਭਿੰਡੀ ਸੈਦਾਂ (ਅੰਮ੍ਰਿਤਸਰ) ਦੇ ਥਾਣੇ 'ਤੇ ਹੈਂਡ ਗ੍ਰਨੇਡ ਹਮਲੇ ਸਮੇਤ ਅਨੇਕਾਂ ਗੰਭੀਰ ਵਾਰਦਾਤਾਂ ਵਾਪਰ ਚੁੱਕੀਆਂ ਹਨ।