ਕਾਰ ਦਾ ਸ਼ੀਸ਼ਾ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਨ ਵਾਲਾ ਕਾਬੂ ਕਾਰ ਦਾ ਸ਼ੀਸ਼ਾ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਨ ਵਾਲਾ ਕਾਬੂ, ਚੋਰੀ ਕੀਤਾ ਸਾਮਾਨ ਵੀ ਬਰਾਮਦ
Publish Date: Tue, 13 Oct 2026 09:19 PM (IST)
Updated Date: Tue, 13 Oct 2026 09:21 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਥਾਣਾ ਫੇਜ਼-8 ਦੀ ਪੁਲਿਸ ਨੇ ਐੱਚਐੱਲਪੀ ਗਲੇਰੀਆ ਫੇਜ਼-8 ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਸਾਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਕਾਰਵਾਈ ਐੱਸਐੱਸਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਗਈ ਹੈ। ਮੁੱਖ ਅਫ਼ਸਰ ਥਾਣਾ ਫੇਜ਼-8 ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਨਟਰਾਜ ਸਿੰਘ ਨਿਵਾਸੀ ਰਾਮਪੁਰਾ ਫ਼ੂਲ, ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੇ ਦੋਸ਼ ਹੈ ਕਿ ਉਸ ਨੇ ਗੁਰਨਾਜ਼ ਸਿੰਘ ਨਿਵਾਸੀ ਆਈਏਐੱਸ/ਪੀਸੀਐੱਸ ਸੁਸਾਇਟੀ, ਨਿਊ ਚੰਡੀਗੜ੍ਹ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਤਿੰਨ ਬੈਗ ਚੋਰੀ ਕਰ ਲਏ ਸਨ। ਇਨ੍ਹਾਂ ਬੈਗਾਂ ਵਿਚ ਦੋ ਐਪਲ ਦੇ ਲੈਪਟਾਪ, ਇਕ ਐਪਲ ਆਈ-ਪੈਡ ਅਤੇ ਦੋ ਪਰਸ (ਜਿਨ੍ਹਾਂ ਵਿਚ ਪੈੱਨ ਕਾਰਡ, ਆਧਾਰ ਕਾਰਡ ਅਤੇ ਹੋਰ ਸਾਮਾਨ ਸੀ) ਮੌਜੂਦ ਸਨ। ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ, ਜਿਸ ਵਿਚ ਤਿੰਨ ਲੈਪਟਾਪ, ਇਕ ਆਈ-ਪੈਡ ਸਮੇਤ ਹੋਰ ਜ਼ਰੂਰੀ ਸਾਮਾਨ ਸ਼ਾਮਲ ਹਨ। ਅਦਾਲਤ ਪਾਸੋਂ ਮੁਲਜ਼ਮ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ।