ਦਿਵਿਆਂਗ ਤੋਂ ਪਰਸ ਖੋਹਣ ਵਾਲਾ ਗ੍ਰਿਫ਼ਤਾਰ ਦਿਵਿਆਂਗ ਵਿਅਕਤੀ ਤੋਂ ਪਰਸ ਖੋਹਣ ਵਾਲਾ ਗ੍ਰਿਫ਼ਤਾਰ
Publish Date: Sat, 12 Sep 2026 09:36 PM (IST)
Updated Date: Sun, 13 Sep 2026 04:08 AM (IST)
ਫੋਟੋ ਕੈਪਸ਼ਨ : ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਂਦੇ ਹੋਏ ਪੁਲਿਸ ਅਧਿਕਾਰੀ। 32ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੀ ਪਾਲਮ ਐਨਕਲੇਵ ਵਾਸੀ ਇਕ ਦਿਵਿਆਂਗ ਵਿਅਕਤੀ ਤੋਂ ਬੈਗ ਝਪਟਣ ਦੇ ਮਾਮਲੇ ’ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ’ਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ਼ ਮੋਨੂ ਵਾਸੀ ਪਿੰਡ ਤਖ਼ਤੂ ਮਾਜਰਾ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ, ਜਦਕਿ ਇਸ ਘਟਨਾ ’ਚ ਸ਼ਾਮਲ ਦੂਜੇ ਫ਼ਰਾਰ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਪੀੜਤ ਸੁਰਿੰਦਰ ਪਾਲ 9 ਸਤੰਬਰ ਨੂੰ ਪਾਲਮ ਐਨਕਲੇਵ ਤੋਂ ਭਬਾਤ ਸਥਿਤ ਜਰਨੈਲ ਐਨਕਲੇਵ ਵਿਚ ਆਪਣੇ ਅਦਾਰੇ ਵੱਲ ਜਾ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਬੈਗ ਝਪਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਅਨੁਸਾਰ ਬੈਗ ’ਚ ਲਗਪਗ 5 ਹਜ਼ਾਰ ਰੁਪਏ ਦੀ ਨਕਦੀ, ਪੈੱਨ ਕਾਰਡ, ਆਧਾਰ ਕਾਰਡ, ਕ੍ਰੈਡਿਟ ਕਾਰਡ ਤੇ ਹੋਰ ਕਈ ਅਹਿਮ ਦਸਤਾਵੇਜ਼ ਮੌਜੂਦ ਸਨ। ਵਾਰਦਾਤ ਤੋਂ ਬਾਅਦ ਪੀੜਤ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਜ਼ੀਰਕਪੁਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਸਮੇਤ ਹੋਰ ਤਕਨੀਕੀ ਪਹਿਲੂਆਂ ਦੇ ਆਧਾਰ ਤੇ ਮਨਿੰਦਰ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਝਪਟੇ ਗਏ ਸਾਮਾਨ ਅਤੇ ਨਕਦੀ ਦੀ ਬਰਾਮਦਗੀ ਸਮੇਤ ਦੂਜੇ ਦੋਸ਼ੀ ਬਾਰੇ ਵੀ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।