ਪੀਰਮੁਛੱਲਾ ’ਚ ਡੰਪਿੰਗ ਗਰਾਊਂਡ ਦੇ ਵੱਧ ਰਹੇ ਕੂੜੇ ਖ਼ਿਲਾਫ਼ ਲੋਕ ਸੜਕਾਂ ’ਤੇ ਉਤਰੇ ਪੀਰਮੁਛੱਲਾ ’ਚ ਡੰਪਿੰਗ ਗਰਾਊਂਡ ਦੇ ਵੱਧ ਰਹੇ ਕੂੜੇ ਖ਼ਿਲਾਫ਼ ਲੋਕ ਸੜਕਾਂ ’ਤੇ ਉਤਰੇ
Publish Date: Sun, 23 Aug 2026 06:56 PM (IST)
Updated Date: Mon, 24 Aug 2026 04:04 AM (IST)
ਕੈਪਸ਼ਨ : ਡੰਪਿੰਗ ਗਰਾਊਂਡ ਦੇ ਵੱਧ ਰਹੇ ਕੂੜੇ ਕਾਰਨ ਪ੍ਰਦਰਸ਼ਨ ਕਰਦੇ ਸਥਾਨਕ ਵਸਨੀਕ। 08ਪੀ * ਪਿਛਲੇ 3-4 ਮਹੀਨਿਆਂ ਤੋਂ ਸਥਿਤੀ ਵਿਗੜਣ ਦੇ ਲਾਏ ਦੋਸ਼ * ਸਫ਼ਾਈ ਪ੍ਰਬੰਧ ਸੁਧਾਰਨ ਲਈ ਛੇਤੀ ਕਦਮ ਨਾ ਚੁੱਕੇ ਤਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਜੇਐੱਸ ਕਲੇਰ, ਪੰਜਾਬੀ ਜਾਗਰਣ ਜ਼ੀਰਕਪੁਰ : ਸਥਾਨਕ ਪੀਰਮੁੱਛਲਾ ਦੇ ਡੰਪਿੰਗ ਗਰਾਊਂਡ ’ਚ ਕੂੜੇ ਦੇ ਢੇਰ ਤੇ ਫੈਲ ਰਹੀ ਬਦਬੂ ਤੋਂ ਪਰੇਸ਼ਾਨ ਸਥਾਨਕ ਲੋਕਾਂ ਦਾ ਗੁੱਸਾ ਅੱਜ ਸੜਕਾਂ ’ਤੇ ਨਜ਼ਰ ਆਇਆ। ਵਾਰਡ ਨੰਬਰ 11 ਤੋਂ ਕਾਂਗਰਸੀ ਕੌਂਸਲਰ ਗੁਰਸੇਵਕ ਸਿੰਘ ਪੂਨੀਆ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਡੰਪਿੰਗ ਗਰਾਊਂਡ ਦੇ ਵਿਰੋਧ ’ਚ ਪ੍ਰਦਰਸ਼ਨ ਕਰਦਿਆਂ ਸੜਕ ਜਾਮ ਕਰ ਕੇ ਸੰਕੇਤਕ ਧਰਨਾ ਦਿੱਤਾ। ਕੌਂਸਲਰ ਪੂਨੀਆ ਨੇ ਕਿਹਾ ਕਿ ਇਹ ਉਨ੍ਹਾਂ ਦਾ ਇਸ ਮਾਮਲੇ ਨੂੰ ਲੈ ਕੇ ਦੂਜਾ ਧਰਨਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਇੱਥੇ ਕੂੜਾ ਨਿਖੇੜ ਕੇਂਦਰ ਸਥਾਪਤ ਕੀਤਾ ਗਿਆ ਸੀ, ਜਿੱਥੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਕੇ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਸੀ ਅਤੇ ਬਾਕੀ ਕੂੜਾ ਸੋਧ ਲਈ ਕੰਪਨੀ ਕੋਲ ਭੇਜਿਆ ਜਾਂਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 3-4 ਮਹੀਨਿਆਂ ਤੋਂ ਸਥਿਤੀ ਵਿਗੜ ਗਈ ਹੈ। ਪੂਨੀਆ ਮੁਤਾਬਕ ਹੁਣ ਪੀਰਮੁੱਛਲਾ ਤੋਂ ਇਲਾਵਾ ਜ਼ੀਰਕਪੁਰ, ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਬਿਨਾਂ ਨਿਖੇੜਿਆ ਮਿਕਸ ਕੂੜਾ ਇੱਥੇ ਲਿਆ ਕੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਕੂੜੇ ਦੇ ਵੱਡੇ ਢੇਰ ਲੱਗ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਕੂੜੇ ਦੀ ਬਦਬੂ ਅਤੇ ਗੰਦਗੀ ਕਾਰਨ ਇਲਾਕੇ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਪੂਨੀਆ ਨੇ ਦੱਸਿਆ ਕਿ ਸਮੱਸਿਆ ਦੇ ਹੱਲ ਲਈ ਪਹਿਲਾਂ ਵੀ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਨੂੰ ਲਿਖਤੀ ਮੰਗ ਪੱਤਰ ਦਿੱਤੇ ਗਏ ਸਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਅੱਜ ਦਾ ਧਰਨਾ ਸਿਰਫ਼ ਸੰਕੇਤਕ ਸੀ। ਜੇਕਰ ਪ੍ਰਸ਼ਾਸਨ ਨੇ ਕੂੜਾ ਹਟਾਉਣ ਅਤੇ ਸਫ਼ਾਈ ਪ੍ਰਬੰਧ ਸੁਧਾਰਨ ਲਈ ਜਲਦ ਕਦਮ ਨਾ ਚੁੱਕੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਮੁੱਖ ਮਾਰਗ ਜਾਮ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।