ਸੜਕ ’ਤੇ ਖੜ੍ਹਦੇ ਟਰੱਕਾਂ ਦੇ ਜਾਮ ਤੋਂ ਲੋਕ ਪਰੇਸ਼ਾਨ, ਸਮਾਜ ਸੇਵੀ ਨੇ ਕਾਰਵਾਈ ਦੀ ਕੀਤੀ ਮੰਗ ਸੜਕ ’ਤੇ ਖੜ੍ਹਦੇ ਟਰੱਕਾਂ ਦੇ ਜਾਮ ਤੋਂ ਲੋਕ ਪਰੇਸ਼ਾਨ,
Publish Date: Fri, 23 Oct 2026 06:25 PM (IST)
Updated Date: Fri, 23 Oct 2026 06:28 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ਤੇ ਸਥਿਤ ਪਿੰਡ ਹਰੀਪੁਰ ਹਿੰਦੂਆਂ ਵਿਖੇ ਰਾਜਸਥਾਨ ਲੀਕਰ ਫੈਕਟਰੀ ਦੇ ਬਾਹਰ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਖੜ੍ਹੇ ਦਰਜਨਾਂ ਟਰੱਕ ਆਵਾਜਾਈ ਵਿਚ ਵੱਡਾ ਅੜਿੱਕਾ ਬਣ ਰਹੇ ਹਨ। ਇਸ ਕਾਰਨ ਪਿੰਡ ਹਰੀਪੁਰ ਹਿੰਦੂਆਂ ਅਤੇ ਆਸ-ਪਾਸ ਦੇ ਖੇਤਰਾਂ ਦੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ’ਚ ਮਾਲ ਦੀ ਲੋਡਿੰਗ ਅਤੇ ਅਨਲੋਡਿੰਗ ਲਈ ਆਉਂਦੇ ਟਰੱਕਾਂ ਦੇ ਚਾਲਕ ਆਪਣੇ ਵਾਹਨਾਂ ਨੂੰ ਸੜਕ ਦੇ ਦੋਵੇਂ ਪਾਸੇ ਖੜ੍ਹੇ ਕਰ ਦਿੰਦੇ ਹਨ। ਇਸ ਕਾਰਨ ਸੜਕ ਕਾਫ਼ੀ ਤੰਗ ਹੋ ਜਾਂਦੀ ਹੈ ਅਤੇ ਦਿਨ ਭਰ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਆਮ ਵਾਹਨ ਚਾਲਕਾਂ ਨੂੰ ਇੱਥੋਂ ਲੰਘਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਮੰਡਰਾਉਂਦਾ ਰਹਿੰਦਾ ਹੈ। ਇਸ ਗੰਭੀਰ ਸਮੱਸਿਆ ਬਾਰੇ ਬੋਲਦਿਆਂ ਪਿੰਡ ਹਰੀਪੁਰ ਹਿੰਦੂਆਂ ਦੇ ਸਮਾਜਸੇਵੀ ਤਰਸੇਮ ਸਿੰਘ ਨੇ ਦੱਸਿਆ ਕਿ ਕਈ ਵਾਰ ਟਰੱਕ ਡਰਾਈਵਰ ਸੜਕ ਦੇ ਬਿਲਕੁਲ ਵਿਚਕਾਰ ਹੀ ਵਾਹਨ ਖੜ੍ਹੇ ਕਰਕੇ ਚਲੇ ਜਾਂਦੇ ਹਨ। ਰਾਤ ਦੇ ਸਮੇਂ ਲਾਈਟਾਂ ਦੀ ਘਾਟ ਕਾਰਨ ਇਹ ਖੜ੍ਹੇ ਟਰੱਕ ਭਿਆਨਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਫੈਕਟਰੀ ਪ੍ਰਬੰਧਕਾਂ ਕੋਲ ਆਪਣੀ ਯੋਗ ਪਾਰਕਿੰਗ ਵਿਵਸਥਾ ਨਾ ਹੋਣ ਕਾਰਨ ਇਹ ਸਾਰਾ ਬੋਝ ਆਮ ਲੋਕਾਂ ਤੇ ਪੈ ਰਿਹਾ ਹੈ। ਸਮਾਜ ਸੇਵੀ ਤਰਸੇਮ ਸਿੰਘ ਨੇ ਟ੍ਰੈਫਿਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਗ਼ੈਰ-ਕਾਨੂੰਨੀ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲੇ ਟਰੱਕ ਚਾਲਕਾਂ ਅਤੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਜਲਦ ਪੱਕਾ ਹੱਲ ਨਾ ਕੱਢਿਆ, ਤਾਂ ਪਿੰਡ ਵਾਸੀ ਅਤੇ ਸਥਾਨਕ ਵਾਹਨ ਚਾਲਕ ਸੰਘਰਸ਼ ਦਾ ਰਾਹ ਚੁਣਨ ਲਈ ਮਜ਼ਬੂਰ ਹੋਣਗੇ।