ਲੁੱਕ ਪਲਾਂਟ ਤੋਂ ਨਿਕਲ ਰਹੇ ਕਾਲੇ ਧੂੰਏਂ ਤੋਂ ਲੋਕ ਪਰੇਸ਼ਾਨ ਲੁੱਕ ਪਲਾਂਟ ਤੋਂ ਨਿਕਲ ਰਹੇ ਕਾਲੇ ਧੂੰਏਂ ਤੋਂ ਲੋਕ ਪਰੇਸ਼ਾਨ,
Publish Date: Sat, 19 Sep 2026 06:50 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਲੁੱਕ ਪਲਾਂਟ ਦੀ ਚਿਮਨੀ ਤੋਂ ਨਿਕਲ ਰਿਹਾ ਕਾਲਾ ਧੂੰਆਂ। 25ਪੀ * ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਸ਼ਿਕਾਇਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਸੁੰਡਰਾ ਵਿਖੇ ਸਥਿਤ ਇਕ ਲੁੱਕ ਪਲਾਂਟ ਤੋਂ ਲਗਾਤਾਰ ਨਿਕਲ ਰਹੇ ਕਾਲੇ ਧੂੰਏਂ ਕਾਰਨ ਸਥਾਨਕ ਨਿਵਾਸੀਆਂ ਦਾ ਜੀਣਾ ਦੁੱਭਰ ਹੋ ਗਿਆ ਹੈ। ਖੇਤਰ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਤੋਂ ਤੰਗ ਆ ਕੇ ਪਿੰਡ ਸੁੰਡਰਾ ਦੇ ਵਸਨੀਕ ਭੁਪਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੁੱਕ ਪਲਾਂਟ ਦੀ ਚਿਮਨੀ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਜ਼ਹਿਰੀਲਾ ਕਾਲਾ ਧੂੰਆਂ ਛੱਡਿਆ ਜਾ ਰਿਹਾ ਹੈ, ਜਿਸ ਨਾਲ ਪੂਰੇ ਇਲਾਕੇ ਦੀ ਹਵਾ ਖ਼ਰਾਬ ਹੋ ਚੁੱਕੀ ਹੈ। ਇਸ ਪ੍ਰਦੂਸ਼ਣ ਕਾਰਨ ਨੇੜਲੇ ਨਿਵਾਸੀਆਂ ਨੂੰ ਸਾਹ ਲੈਣ ਵਿਚ ਔਖ, ਅੱਖਾਂ ਵਿਚ ਜਲਣ ਅਤੇ ਹੋਰ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿਚ ਇਹ ਡਰ ਬਣਿਆ ਹੋਇਆ ਹੈ ਕਿ ਲੰਬੇ ਸਮੇਂ ਤੱਕ ਇਸ ਗੰਦੇ ਧੂੰਏਂ ਦੇ ਸੰਪਰਕ ’ਚ ਰਹਿਣ ਨਾਲ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਸ਼ਿਕਾਇਤ ਰਾਹੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਲਾਂਟ ਦੀ ਤੁਰੰਤ ਚੈਕਿੰਗ ਕੀਤੀ ਜਾਵੇ ਅਤੇ ਚਿਮਨੀ ਤੋਂ ਨਿਕਲਣ ਵਾਲੇ ਨਿਕਾਸ ਦੇ ਪੱਧਰ ਦੀ ਜਾਂਚ ਕੀਤੀ ਜਾਵੇ। ਜੇਕਰ ਇਹ ਪਲਾਂਟ ਵਾਤਾਵਰਨ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਮਾਪਦੰਡਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਪਲਾਂਟ ਸੰਚਾਲਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪਲਾਂਟ ਪ੍ਰਬੰਧਕਾਂ ਨੂੰ ਪ੍ਰਦੂਸ਼ਣ-ਨਿਯੰਤਰਣ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਆਲੇ-ਦੁਆਲੇ ਦੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਹੋ ਸਕੇ। ਕਮੀ ਪਾਏ ਜਾਣ ’ਤੇ ਲੁੱਕ ਪਲਾਂਟ ਖ਼ਿਲਾਫ਼ ਹੋਵੇਗੀ ਕਾਰਵਾਈ : ਐੱਸਡੀਓ ਜਦੋਂ ਇਸ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਸਵਜੋਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦ ਉਹ ਆਪਣੀ ਟੀਮ ਸਮੇਤ ਉਕਤ ਲੁੱਕ ਪਲਾਂਟ ਦਾ ਦੌਰਾ ਕਰਕੇ ਜਾਂਚ ਕਰਨਗੇ, ਜੇਕਰ ਕੋਈ ਵੀ ਕਮੀ ਪੇਸ਼ੀ ਪਾਈ ਗਈ ਤਾਂ ਉਕਤ ਲੁੱਕ ਪਲਾਂਟ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।