ਕਾਲੋਨਾਈਜ਼ਰਾਂ ਦੇ ਝੂਠੇ ਵਾਅਦਿਆਂ ਤੋਂ ਅੱਕੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸੇ
ਕਲੋਨਾਈਜ਼ਰਾਂ ਦੇ ਝੂਠੇ ਵਾਅਦਿਆਂ ਤੋਂ ਅਕੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸੇ
Publish Date: Sun, 25 Jan 2026 06:15 PM (IST)
Updated Date: Sun, 25 Jan 2026 06:19 PM (IST)
- ਸੀਵਰੇਜ ਲਾਈਨ ਅਧੂਰੀ, ਕਾਲੋਨੀ ਦੇ ਹਾਲਾਤ ਬਦ ਤੋਂ ਬਦਤਰ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਡੇਰਾਬੱਸੀ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਬਣੀਆਂ ਦਰਜਨਾਂ ਨਾਜਾਇਜ਼ ਕਾਲੋਨੀਆਂ ਵਿਚ ਰਹਿਣ ਵਾਲੇ ਲੋਕ ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਕਾਲੋਨਾਈਜ਼ਰ ਪੈਸੇ ਕਮਾਉਣ ਲਈ ਕਾਲੋਨੀਆਂ ਕੱਢਦੇ ਹਨ, ਜਦਕਿ ਪ੍ਰਾਪਰਟੀ ਡੀਲਰ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਵੱਡੇ-ਵੱਡੇ ਸੁਪਨੇ ਵਿਖਾ ਕੇ ਪਲਾਟ ਵੇਚ ਦਿੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਲੋਕ ਜ਼ਿੰਦਗੀ ਭਰ ਬਿਜਲੀ, ਪਾਣੀ, ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਤਰਸਦੇ ਰਹਿੰਦੇ ਹਨ। ਡੇਰਾਬੱਸੀ ਖੇਤਰ ਵਿਚ ਅਜਿਹੀ ਸੈਂਕੜੇ ਕਾਲੋਨੀਆਂ ਬਣੀਆਂ ਹੋਈਆਂ ਹਨ, ਜਿੱਥੇ ਰਹਿੰਦੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਖਰਚ ਕੇ ਘਰ ਤਾਂ ਬਣਾ ਲਏ, ਪਰ ਸਹੂਲਤਾਂ ਨੂੰ ਤਰਸਦੇ ਰਹਿੰਦੇ ਹਨ। ਅਜਿਹਾ ਹਾਲ ਡੇਰਾਬੱਸੀ ਦੇ ਪਿੰਡ ਖੇੜੀ ਨੇੜੇ ਪੈਂਦੀ ਸ਼ਿਵ ਸ਼ਕਤੀ ਇਨਕਲੇਵ ਕਾਲੋਨੀ ਦਾ ਹੋਇਆ ਪਿਆ ਹੈ। ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਹਨ। ਬੀਤੇ ਦਿਨਾ ਵਿਚ ਪਏ ਮੀਂਹ ਕਰਕੇ ਗਲੀਆਂ ਵਿਚੋਂ ਨਿਕਲਣਾ ਔਖਾ ਹੋਇਆ ਪਿਆ ਹੈ।
ਕਾਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਵੋਟ ਮੰਗਣ ਵਾਲੇ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਬਾਅਦ ਇਨ੍ਹਾਂ ਕਾਲੋਨੀਆਂ ਦਾ ਰਾਹ ਭੁੱਲ ਜਾਂਦੇ ਹਨ। ਸਰਕਾਰੀ ਬਾਬੂ ਨਾਜਾਇਜ਼ ਕਾਲੋਨੀਆਂ ਵਿਚ ਸਹੂਲਤਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦੇ ਹਨ। ਇਕ ਮਹਿਲਾ ਪ੍ਰਾਪਰਟੀ ਡੀਲਰ ਨੇ ਹਰ ਘਰੋਂ 5000 ਰੁਪਏ ਲੈ ਕੇ ਸੀਵਰੇਜ ਲਾਈਨ ਪਾਉਣ ਦਾ ਦਾਅਵਾ ਕੀਤਾ ਸੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਅਧੂਰਾ ਪਿਆ ਹੈ ਅਤੇ ਗਲੀਆਂ ਦਾ ਹਾਲ ਬਹੁਤ ਖ਼ਰਾਬ ਹੋ ਗਿਆ ਹੈ। ਲੋਕ ਘਰਾਂ ਵਿਚੋਂ ਨਿਕਲਣ ਤੋਂ ਡਰਦੇ ਹਨ। ਕਾਲੋਨੀ ਵਾਸੀਆਂ ਨੇ ਕਿਹਾ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਪਰ ਡੇਰਾਬੱਸੀ, ਜੋ ਚੰਡੀਗੜ੍ਹ ਤੋਂ ਸਿਰਫ਼ 20 ਕਿਲੋਮੀਟਰ ਦੂਰ ਹੈ, ਇੱਥੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਪਾਸੇ ਧਿਆਨ ਦਿੰਦੇ ਹੋਏ ਸਹੂਲਤਾਂ ਨੂੰ ਤਰਸ ਰਹੇ ਲੋਕਾਂ ਦੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ।