- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰਮੁਛੱਲਾ ਕਤਲ ਕਾਂਡ : ਵਿਸ਼ਾਲ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਮੁਲਜ਼ਮ ਗ੍ਰਿਫ਼ਤਾਰ

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਥਾਣਾ ਢਕੌਲੀ ਦੀ ਪੁਲਿਸ ਨੇ ਪੀਰਮੁਛੱਲਾ ਇਲਾਕੇ ਵਿਚ ਸਨਸਨੀਖੇਜ਼ ਢੰਗ ਨਾਲ ਕੀਤੇ ਗਏ ਵਿਸ਼ਾਲ ਦੇ ਕਤਲ ਦੇ ਮਾਮਲੇ ਨੂੰ ਟਰੇਸ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਅੰਨ੍ਹੇ ਕਤਲ ਕਾਂਡ ਵਿਚ ਸ਼ਾਮਲ ਮੁੱਖ ਮੁਲਜ਼ਮ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਕਸਵ ਅਤੇ ਹਰਪਾਲ ਕਸਵ ਵਜੋਂ ਹੋਈ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਪਿੱਛੇ ਮੁੱਖ ਕਾਰਨ ਪੁਰਾਣੀ ਰੰਜਿਸ਼ ਸੀ। ਹਰਪਾਲ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਦੇ ਬੇਟੇ ਬਬਲੂ ਦੀ ਮੌਤ ਲਈ ਵਿਸ਼ਾਲ ਅਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹੈ। ਇਸੇ ਪੁਰਾਣੀ ਰੰਜਿਸ਼ ਅਤੇ ਖੁੰਦਕ ਕਾਰਨ ਦੋਵਾਂ ਪਿਓ-ਪੁੱਤਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਵਰਨਣਯੋਗ ਹੈ ਕਿ ਇਸ ਸਬੰਧੀ ਥਾਣਾ ਢਕੌਲੀ ਵਿਖੇ 8 ਅਕਤੂਬਰ 2026 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ 7 ਅਤੇ 8 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਪੀਰਮੁਛੱਲਾ ਪਾਰਕ ਦੇ ਜੰਗਲ ਵਿਚ ਵਿਸ਼ਾਲ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਦੀ ਘਿਣਾਉਣੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਤਲਾਂ ਨੇ ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਰਾਹੁਲ ਪੁੱਤਰ ਹਰਪਾਲ ਕਸਵ ਅਤੇ ਹਰਪਾਲ ਕਸਵ ਪੁੱਤਰ ਛੋਟੇ ਲਾਲ ਮੂਲ ਰੂਪ ਵਿਚ ਪਿੰਡ ਮੈਥਰਾ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿਚ ਸ਼ਿਵ ਨਗਰ, ਪੀਰਮੁਛੱਲਾ ਵਿਖੇ ਕਿਰਾਏ 'ਤੇ ਰਹਿ ਰਹੇ ਸਨ। ਪੁਲਿਸ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਅਜੇ ਬਰਾਮਦ ਕੀਤਾ ਜਾਣਾ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਥਾਣਾ ਮੁੱਖੀ ਸਤਿੰਦਰ ਸਿੰਘ ਅਨੁਸਾਰ ਪੁਲਿਸ ਰਿਮਾਂਡ ਦੌਰਾਨ ਇਸ ਮਾਮਲੇ ਵਿਚ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਇਕ ਹੋਰ ਸਾਥੀ ਮਨੋਜ ਜੋ ਕਿ ਫ਼ਰਾਰ ਹੈ, ਉਸ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਠਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।