ਪਟਵਾਰੀਆਂ ਵੱਲੋਂ ਮੰਗਾਂ ਸਬੰਧੀ ਕਲਮ ਛੋੜ ਹੜਤਾਲ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਪਟਵਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਦੂਜੀ ਵਾਰ ਕਲਮ ਛੋੜ ਹੜਤਾਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Publish Date: Wed, 23 Sep 2026 06:32 PM (IST)
Updated Date: Wed, 23 Sep 2026 06:33 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਰੈਵੀਨਿਊ ਪਟਵਾਰ ਯੂਨੀਅਨ ਦੇ ਸੱਦੇ ’ਤੇ ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਸਮੂਹ ਮਾਲ ਪਟਵਾਰੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਦੂਜੀ ਵਾਰ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ। ਹੜਤਾਲ ਦੌਰਾਨ ਪਟਵਾਰੀਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗਾਂ ਜਲਦ ਤੋਂ ਜਲਦ ਪ੍ਰਵਾਨ ਕਰਨ ਦੀ ਚਿਤਾਵਨੀ ਦਿੱਤੀ। ਯੂਨੀਅਨ ਦੇ ਆਗੂਆਂ ਨੇ ਸਰਕਾਰ ਅੱਗੇ ਆਪਣੀਆਂ ਮੁੱਖ ਮੰਗਾਂ ਦਾ ਵੇਰਵਾ ਰੱਖਦਿਆਂ ਕਿਹਾ ਕਿ ਮਾਲ ਪਟਵਾਰੀਆਂ ਦੀਆਂ ਪੋਸਟਾਂ ਦੀ ਕੁੱਲ ਗਿਣਤੀ 4716 ਤੋਂ ਵਧਾਈ ਜਾਵੇ ਅਤੇ ਸਟੇਟ ਕੈਡਰ ਦਾ ਮੁੱਖ ਪੁਨਰ-ਵਿਚਾਰ ਕੀਤਾ ਜਾਵੇ। ਸਰਕਾਰ ਵੱਲੋਂ ਚੱਲ ਰਹੇ ਬੰਦੀ/ਬੈਠੀ ਸਕੇਲ ਅਤੇ ਧਾਰਮਿਕ/ਕਾਲੀ ਸੂਚੀ ਨਾਲ ਸਬੰਧਿਤ ਫ਼ੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਟੈਕਨੀਕਲ ਗਰੇਡ ਦਿੱਤਾ ਜਾਵੇ ਅਤੇ ਸਮੇਂ ਸਿਰ ਟਾਈਮ ਸਕੇਲ ਲਾਗੂ ਕੀਤੇ ਜਾਣ। ਯੂਨੀਅਨ ਨੇ ਮੰਗ ਕੀਤੀ ਕਿ ਪਟਵਾਰੀ ਤੋਂ ਫੀਲਡ ਕਾਨੂੰਨਗੋ/ਈਓ ਦੀ ਤਰੱਕੀ ਦਾ ਸਮਾਂ 7 ਸਾਲ ਤੋਂ ਘਟਾ ਕੇ 5 ਸਾਲ ਕੀਤਾ ਜਾਵੇ ਅਤੇ ਪ੍ਰੀਵੈਨਸ਼ਨ ਆਫ਼ ਕਰੱਪਸ਼ਨ ਐਕਟ ਦੀ ਧਾਰਾ 17-ਏ ਦੀ ਪਾਲਣਾ ਯਕੀਨੀ ਬਣਾਈ ਜਾਵੇ। ਪਟਵਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲ ਰਹੇ ਨਿਗੂਣੇ ਭੱਤਿਆਂ ਵਿਚ ਵਾਧਾ ਕੀਤਾ ਜਾਵੇ ਅਤੇ ਪਟਵਾਰ ਖ਼ਾਨਿਆਂ ਦੀ ਹਾਲਤ ਸੁਧਾਰਨ ਲਈ ਫਰਨੀਚਰ, ਕੰਪਿਊਟਰ ਅਤੇ ਹੋਰ ਲੋੜੀਂਦਾ ਇੰਫਰਾਸਟ੍ਰਕਚਰ ਮੁਹੱਈਆ ਕਰਵਾਇਆ ਜਾਵੇ। ਸੀਨੀਅਰ-ਜੂਨੀਅਰ ਸਕੇਲ ਦੇ ਪਾੜੇ ਨੂੰ ਖ਼ਤਮ ਕਰਨ ਅਤੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਮੈਡੀਕਲ ਬਿੱਲਾਂ ਸਮੇਤ ਤਰਸ ਦੇ ਆਧਾਰ ਤੇ ਨੌਕਰੀ ਦੇ ਕੇਸਾਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ, ਖ਼ਜ਼ਾਨਚੀ ਧਰਮਬੀਰ ਸ਼ਰਮਾ, ਸ਼ਾਮ ਸਿੰਘ ਰਾਣਾ, ਰਾਹੁਲ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ, ਕੇਸ਼ਵ ਸਿੰਗਲਾ, ਇਮਾਨਦੀਪ ਸਿੰਘ, ਪੁਨੀਤ ਗੋਦਰਾ, ਸੂਰਯਪ੍ਰੀਤ ਸਿੰਘ, ਹਰਕਿਰਨ ਸਿੰਘ, ਪ੍ਰਬਪਾਲ ਸਿੰਘ, ਬਲਰਾਜ ਸਿੰਘ, ਰਾਜਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਟਵਾਰੀ ਹਾਜ਼ਰ ਸਨ।