ਤਹਿਸੀਲ ਕੰਪਲੈਕਸ ’ਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ, ਨਾਅਰੇਬਾਜ਼ੀ ਤਹਿਸੀਲ ਕੰਪਲੈਕਸ ਵਿਖੇ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ,
Publish Date: Wed, 16 Sep 2026 06:41 PM (IST)
Updated Date: Thu, 17 Sep 2026 04:03 AM (IST)
ਫੋਟੋ ਕੈਪਸ਼ਨ : ਤਹਿਸੀਲ ਕੰਪਲੈਕਸ ਵਿਖੇ ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਸਮੂਹ ਪਟਵਾਰੀ। 12ਪੀ * ਪਟਵਾਰੀਆਂ ਦੀਆਂ ਮੰਗਾਂ ਜਲਦ ਮੰਨਣ ਦੀ ਚਿਤਾਵਨੀ ਦਿੱਤੀ * ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਰੈਵੇਨਿਊ ਪਟਵਾਰ ਯੂਨੀਅਨ ਦੇ ਸੱਦੇ ’ਤੇ ਸਮੂਹ ਪਟਵਾਰੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕੀਤੀ ਗਈ। ਇਸ ਦੌਰਾਨ ਪਟਵਾਰੀਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਜਲਦ ਮੰਨਣ ਦੀ ਚਿਤਾਵਨੀ ਦਿੱਤੀ। ਯੂਨੀਅਨ ਦੇ ਆਗੂਆਂ ਨੇ ਸਰਕਾਰ ਅੱਗੇ ਆਪਣੀਆਂ ਮੁੱਖ ਮੰਗਾਂ ਰੱਖਦਿਆਂ ਆਖਿਆ ਕਿ ਮਾਲ ਪਟਵਾਰੀਆਂ ਦੀਆਂ ਪੋਸਟਾਂ ਦੀ ਗਿਣਤੀ 4716 ਤੋਂ ਵਧਾਈ ਜਾਵੇ ਅਤੇ ਸਟੇਟ ਕੈਡਰ ਦਾ ਮੁੱਖ ਪੁਨਰ-ਵਿਚਾਰ ਕੀਤਾ ਜਾਵੇ। ਸਰਕਾਰ ਵੱਲੋਂ ਚੱਲ ਰਹੇ ਬੰਦੀ/ਬੈਠੀ ਸਕੇਲ ਅਤੇ ਧਾਰਮਿਕ/ਕਾਲੀ ਸੂਚੀ ਨਾਲ ਸਬੰਧਤ ਫ਼ੈਸਲੇ ਤੁਰੰਤ ਬਦਲੇ ਜਾਣ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਟੈਕਨੀਕਲ ਗਰੇਡ ਦਿੱਤਾ ਜਾਵੇ, ਅਤੇ ਟਾਈਮ ਸਕੇਲ ਲਾਗੂ ਕੀਤੇ ਜਾਣ। ਪਟਵਾਰੀ ਤੋਂ ਫੀਲਡ ਕਾਨੂੰਨਗੋ/ਈਓ ਦੀ ਤਰੱਕੀ ਦਾ ਸਮਾਂ 7 ਸਾਲ ਤੋਂ ਘਟਾ ਕੇ 5 ਸਾਲ ਕੀਤਾ ਜਾਵੇ। ਪ੍ਰੀਵੈਨਸ਼ਨ ਆਫ਼ ਕਰੱਪਸ਼ਨ ਐਕਟ ਦੀ ਧਾਰਾ 17-ਏ ਦੀ ਪਾਲਣਾ ਯਕੀਨੀ ਬਣਾਈ ਜਾਵੇ। ਪਟਵਾਰੀਆਂ ਨੂੰ ਦਿੱਤੇ ਜਾ ਰਹੇ ਨਿਗੂਣੇ ਭੱਤੇ ਵਧਾਏ ਜਾਣ ਅਤੇ ਪਟਵਾਰ ਖਾਨਿਆਂ ਵਿਚ ਫਰਨੀਚਰ, ਕੰਪਿਊਟਰ ਤੇ ਹੋਰ ਲੋੜੀਂਦਾ ਇੰਫਰਾਸਟ੍ਰਕਚਰ ਮੁਹੱਈਆ ਕਰਵਾਇਆ ਜਾਵੇ। ਸੀਨੀਅਰ-ਜੂਨੀਅਰ ਸਕੇਲ ਦਾ ਪਾੜਾ ਖ਼ਤਮ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਮੈਡੀਕਲ ਬਿੱਲਾਂ ਤੇ ਤਰਸ ਦੇ ਆਧਾਰ ਤੇ ਨੌਕਰੀ ਦੇ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਪਟਵਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ, ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਜੰਟ ਸਿੰਘ ਪ੍ਰਧਾਨ, ਧਰਮਬੀਰ ਸ਼ਰਮਾ ਖ਼ਜ਼ਾਨਚੀ, ਸ਼ਾਮ ਸਿੰਘ ਰਾਣਾ, ਰਾਹੁਲ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ, ਕੇਸ਼ਵ ਸਿੰਗਲਾ, ਇਮਾਨਦੀਪ ਸਿੰਘ, ਪੁਨੀਤ ਗੋਦਰਾ, ਸੂਰਯਪ੍ਰੀਤ ਸਿੰਘ, ਹਰਕਿਰਨ ਸਿੰਘ, ਪ੍ਰਬਪਾਲ ਸਿੰਘ, ਬਲਰਾਜ ਸਿੰਘ, ਰਾਜਬੀਰ ਸਿੰਘ ਸਮੇਤ ਅਨੇਕਾਂ ਪਟਵਾਰੀ ਮੌਜੂਦ ਸਨ।