ਗੁਰਦੁਆਰਾ ਨਾਭਾ ਸਾਹਿਬ ਨੇੜੇ 220 ਕੇਵੀ ਸਬ-ਸਟੇਸ਼ਨ ਦੀ ਸਥਾਪਨਾ ਲਈ ਰਾਹ ਪੱਧਰਾ ਗੁਰਦੁਆਰਾ ਨਾਭਾ ਸਾਹਿਬ ਨੇੜੇ 220 ਕੇਵੀ ਸਬ-ਸਟੇਸ਼ਨ ਦੀ ਸਥਾਪਨਾ ਲਈ ਰਾਹ ਪੱਧਰਾ
Publish Date: Sat, 12 Sep 2026 06:06 PM (IST)
Updated Date: Sun, 13 Sep 2026 04:05 AM (IST)
ਕੈਪਸ਼ਨ : ਜ਼ਮੀਨ ਦੀ ਕੀਮਤ ਤੈਅ ਕਰਨ ਬਾਰੇ ਚਰਚਾ ਕਰਦੇ ਹੋਏ ਡੀਸੀ ਕੋਮਲ ਮਿੱਤਲ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ। 2ਪੀ * ਡੀਸੀ ਕੋਮਲ ਮਿੱਤਲ ਦੀ ਅਗਵਾਈ ਹੇਠ ਕਮੇਟੀ ਵੱਲੋਂ 4.91 ਏਕੜ ਜ਼ਮੀਨ ਲਈ ਕਲੈਕਟਰ ਰੇਟ ਤੈਅ * 184 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਬਿਜਲੀ ਬੁਨਿਆਦੀ ਢਾਂਚੇ ਨੂੰ ਦੇਵੇਗਾ ਵੱਡਾ ਹੁਲਾਰਾ : ਵਿਧਾਇਕ ਰੰਧਾਵਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗੁਰਦੁਆਰਾ ਨਾਭਾ ਸਾਹਿਬ ਜ਼ੀਕਰਪੁਰ ਨੇੜੇ 220 ਕੇਵੀ ਸਬ-ਸਟੇਸ਼ਨ ਦੀ ਸਥਾਪਨਾ ਲਈ ਲੋੜੀਂਦੀ ਜ਼ਮੀਨ ਦੀ ਕੀਮਤ ਤੈਅ ਕਰਨ ਸਬੰਧੀ ਸ਼ੁੱਕਰਵਾਰ ਨੂੰ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ’ਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸਬ-ਸਟੇਸ਼ਨ ਦੀ ਸਥਾਪਨਾ ਲਈ ਲੋੜੀਂਦੀ 4.91 ਏਕੜ ਜ਼ਮੀਨ ਲਈ 4 ਕਰੋੜ ਰੁਪਏ ਪ੍ਰਤੀ ਏਕੜ ਦਾ ਕਲੈਕਟਰ ਰੇਟ ਤੈਅ ਕੀਤਾ ਗਿਆ। ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਨਿਰਧਾਰਤ ਕੀਮਤ ਅਨੁਸਾਰ ਲੋੜੀਂਦੀ ਜ਼ਮੀਨ ਪ੍ਰਾਜੈਕਟ ਲਈ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ਮੀਨ ਦੀ ਕੀਮਤ ਤੈਅ ਕਰਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਡੀਸੀ ਮੈਡਮ ਸਮੇਤ ਸਮੂਹ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 220 ਕੇਵੀ ਸਬ-ਸਟੇਸ਼ਨ ਦੀ ਸਥਾਪਨਾ ਇਲਾਕੇ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਨਾਲ ਜ਼ੀਰਕਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਬਿਜਲੀ ਸਪਲਾਈ ਦੀ ਸਮਰੱਥਾ ’ਚ ਵਾਧਾ ਹੋਵੇਗਾ। ਜ਼ੀਰਕਪੁਰ ਸਰਕਲ ਦੇ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਲਗਭਗ 184 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਕਬਜ਼ਾ ਮਿਲਣ ਉਪਰੰਤ ਇਸ ਪ੍ਰਾਜੈਕਟ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ’ਚ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਕਾਰਜਕਾਰੀ ਇੰਜੀਨੀਅਰ ਮਨਦੀਪ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਅਤੇ ਕਾਰਜਸਾਧਕ ਅਫ਼ਸਰ ਜ਼ੀਰਕਪੁਰ ਪਰਵਿੰਦਰ ਸਿੰਘ ਭੱਟੀ ਸਮੇਤ ਸਬੰਧਤ ਅਧਿਕਾਰੀ ਮੌਜੂਦ ਸਨ।