ਈਕੋ ਸਿਟੀ-4 ਲਈ 526 ਏਕੜ ਜ਼ਮੀਨ ਐਕਵਾਇਰ ਕਰਨ ਦਾ ਰਾਹ ਪੱਧਰਾ, ਕਮੇਟੀ ਨੇ ਦਿੱਤੀ ਹਰੀ ਝੰਡੀ ਈਕੋ ਸਿਟੀ-4 ਲਈ 526 ਏਕੜ ਜ਼ਮੀਨ ਐਕਵਾਇਰ ਕਰਨ ਦਾ ਰਾਹ ਪੱਧਰਾ
Publish Date: Mon, 14 Sep 2026 08:11 PM (IST)
Updated Date: Mon, 14 Sep 2026 08:14 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਦੇ ਨਾਲ-ਨਾਲ ਨਿਊ ਚੰਡੀਗੜ੍ਹ ਨੂੰ ਵੀ ਵੱਡੇ ਪੱਧਰ ’ਤੇ ਵਿਕਸਤ ਕਰਨ ਲਈ ਵਿਸ਼ੇਸ਼ ਵਤੱਜੋ ਦਿੱਤੀ ਜਾ ਰਹੀ ਹੈ। ਉਂਜ ਵੀ ਨਿਊ ਚੰਡੀਗੜ੍ਹ ਏਰੀਆ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਨਿਊ ਚੰਡੀਗੜ੍ਹ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਪ੍ਰਸਤਾਵਿਤ ਈਕੋ ਸਿਟੀ-4 ਰਿਹਾਇਸ਼ੀ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਲਈ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਗਮਾਡਾ ਰਾਹੀਂ ਚਾਰ ਪਿੰਡਾਂ ਬੂਥਗੜ੍ਹ, ਰਾਜਗੜ੍ਹ, ਕਰਤਾਰਪੁਰ ਅਤੇ ਕੰਸਾਲਾ ਦੀ ਲਗਭਗ 526 ਏਕੜ ਜ਼ਮੀਨ ਦੇ ਐਕਵਾਇਰ ਲਈ ਗਠਿਤ ਮਾਹਰ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲੰਬੇ ਸਮੇਂ ਤੋਂ ਅਟਕੇ ਇਸ ਵੱਕਾਰੀ ਪ੍ਰੋਜੈਕਟ ਦੇ ਅਗਲੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਗਮਾਡਾ ਦੀ ਜਾਣਕਾਰੀ ਅਨੁਸਾਰ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਈਜ਼ੀਸ਼ਨ, ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ-2013 ਤਹਿਤ ਜ਼ਮੀਨ ਦਾ ਸਮਾਜਿਕ ਪ੍ਰਭਾਵ ਮੁਲਾਂਕਣ (ਐਸਆਈਏ) ਕਰਵਾਇਆ ਗਿਆ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਤਿਆਰ ਕੀਤੀ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਮਾਹਰ ਸਮੂਹ ਨੇ ਇਹ ਨਤੀਜਾ ਕੱਢਿਆ ਕਿ ਇਹ ਜ਼ਮੀਨ ਐਕਵਾਇਰ ਕਰਨਾ ਜਨਤਕ ਹਿੱਤਾਂ ਲਈ ਬਹੁਤ ਜ਼ਰੂਰੀ ਹੈ। ਕਾਬਿਲੇਗੌਰ ਹੈ ਕਿ ਗਮਾਡਾ ਵੱਲੋਂ ਨਿਊ ਚੰਡੀਗੜ੍ਹ ਵਿਚ ਈਕੋ ਸਿਟੀ-1 ਅਤੇ ਈਕੋ ਸਿਟੀ-2 ਕਾਫ਼ੀ ਪਹਿਲਾਂ ਬਣਾਇਆ ਗਿਆ ਸੀ ਪ੍ਰੰਤੂ ਇੱਥੋਂ ਦੇ ਵਸਨੀਕ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਜਦੋਂਕਿ ਈਕੋ ਸਿਟੀ-3 ਪ੍ਰੋਜੈਕਟ ਵੀ ਹਾਲੇ ਤੱਕ ਚੰਗੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ ਲੇਕਿਨ ਗਮਾਡਾ ਨੇ ਹੁਣ ਈਕੋ ਸਿਟੀ-4 ਲਈ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇੱਥੇ ਗਮਾਡਾ ’ਤੇ ‘ਅੱਗਾ ਦੌੜ, ਪਿੱਛਾ ਚੌੜ’ ਵਾਲੀ ਕਹਾਵਤ ਹੂਬਹੂ ਢੁਕਦੀ ਹੈ। ਘੱਟ ਤੋਂ ਘੱਟ ਜ਼ਮੀਨ ਦੀ ਵਰਤੋਂ ਮਾਹਰ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਇਸ ਰਿਹਾਇਸ਼ੀ ਪ੍ਰੋਜੈਕਟ ਦੇ ਲਾਭ ਇਸ ਦੇ ਸਮਾਜਿਕ ਪ੍ਰਭਾਵਾਂ ਨਾਲੋਂ ਵੱਧ ਹਨ। ਨਾਲ ਹੀ, ਕੇਵਲ ਲੋੜੀਂਦੀ ਘੱਟ ਤੋਂ ਘੱਟ ਜ਼ਮੀਨ ਹੀ ਐਕਵਾਇਰ ਕਰਨ ਦੀ ਹਦਾਇਤ ਕੀਤੀ ਗਈ ਹੈ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਗਮਾਡਾ ਨੇ ਸਬੰਧਤ ਅਧਿਕਾਰੀਆਂ ਨੂੰ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨਾਲ ਸਾਂਝੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਖਰੜ ਦੇ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਮਾਜਰੀ ਅਤੇ ਲੈਂਡ ਐਕੁਈਜ਼ੀਸ਼ਨ ਕਲੈਕਟਰ (ਐਲਏਸੀ) ਨੂੰ ਅਗਲੇਰੀ ਕਾਰਵਾਈ ਲਈ ਪੱਤਰ ਭੇਜ ਦਿੱਤਾ ਗਿਆ ਹੈ। ਬਾਕਸ : ਈਕੋ ਸਿਟੀ-4 ਲਈ ਮਾਹਰ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਰਕਾਰੀ ਮਨਜ਼ੂਰੀ ਮਿਲਣਾ ਇਸ ਪ੍ਰੋਜੈਕਟ ਦੀ ਦਿਸ਼ਾ ’ਚ ਇਕ ਅਹਿਮ ਮੀਲ ਦਾ ਪੱਥਰ ਹੈ। ਜ਼ਮੀਨ ਐਕਵਾਇਰ ਕਰਨ ਦੀ ਪੂਰੀ ਪ੍ਰਕਿਰਿਆ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੇ ਹਿੱਤਾਂ ਅਤੇ ਕਾਨੂੰਨੀ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਰਹਾਇਸ਼ੀ ਪ੍ਰੋਜੈਕਟ ਲਈ ਕੇਵਲ ਉਹੀ ਜ਼ਮੀਨ ਲਈ ਜਾਵੇਗੀ ਜੋ ਬੇਹੱਦ ਜ਼ਰੂਰੀ ਹੈ। ਇਹ ਪ੍ਰੋਜੈਕਟ ਨਿਊ ਚੰਡੀਗੜ੍ਹ ਖੇਤਰ ’ਚ ਰਿਹਾਇਸ਼ੀ ਬੁਨਿਆਦੀ ਸਹੂਲਤਾਂ ਵਧਾਉਣ ਅਤੇ ਇਲਾਕੇ ਦੀ ਕਾਇਆ-ਕਲਪ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।