ਐੱਸਜੀਸੀ ਤੇ ਪਤੰਜਲੀ ਸੰਸਥਾਵਾਂ ਵਿਚਾਲੇ ਸਾਂਝੇਦਾਰੀ, ਖੋਜ ਤੇ ਸਿਹਤ ਸਿੱਖਿਆ ਨੂੰ ਮਿਲੇਗਾ ਨਵਾਂ ਮੰਚ ਐੱਸਜੀਸੀ ਤੇ ਪਤੰਜਲੀ ਸੰਸਥਾਵਾਂ ਵਿਚਾਲੇ ਸਾਂਝੇਦਾਰੀ,
Publish Date: Thu, 24 Sep 2026 07:43 PM (IST)
Updated Date: Thu, 24 Sep 2026 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਸਰਸਵਤੀ ਗਰੁੱਪ ਆਫ਼ ਕਾਲਜਿਜ਼ (ਐੱਸਜੀਸੀ), ਘੜੂਆਂ ਨੇ ਸਿਹਤ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਨਵੇਂ ਮੌਕੇ ਪੈਦਾ ਕਰਨ ਵੱਲ ਇਕ ਹੋਰ ਕਦਮ ਚੁੱਕਦਿਆਂ ਪਤੰਜਲੀ ਰਿਸਰਚ ਫਾਊਂਡੇਸ਼ਨ ਅਤੇ ਯੂਨੀਵਰਸਿਟੀ ਆਫ਼ ਪਤੰਜਲੀ, ਹਰਿਦੁਆਰ ਨਾਲ ਤਿੰਨ ਧਿਰਾਂ ਵਾਲੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਕਲਾਸਰੂਮ ਸਿੱਖਿਆ ਦੇ ਨਾਲ ਖੋਜ ਅਤੇ ਵਿਹਾਰਕ ਅਨੁਭਵ ਨਾਲ ਜੋੜਨਾ ਹੈ। ਸਮਝੌਤੇ ਰਾਹੀਂ ਸਾਂਝੇ ਖੋਜ ਪ੍ਰਾਜੈਕਟਾਂ, ਵਿਗਿਆਨਕ ਵਿਚਾਰ-ਵਟਾਂਦਰੇ, ਮਾਹਿਰਾਂ ਨਾਲ ਸੰਵਾਦ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਮੌਕੇ ਵਿਕਸਤ ਕਰਨ ਦੀ ਯੋਜਨਾ ਹੈ। ਐੱਮਓਯੂ ’ਤੇ ਦਸਤਖ਼ਤ ਕਰਨ ਦੇ ਮੌਕੇ ਪਤੰਜਲੀ ਆਯੁਰਵੇਦ ਦੇ ਸਹਿ-ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ, ਐੱਸਜੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼ੁਭਮ ਅਗਰਵਾਲ, ਡਾ. ਵਿਕਾਸ ਜੋਗਪਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ਼ੁਭਮ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਉਨ੍ਹਾਂ ਨੂੰ ਸਿਰਫ਼ ਸਿਧਾਂਤਕ ਗਿਆਨ ਦੇਣਾ ਕਾਫ਼ੀ ਨਹੀਂ। ਉਨ੍ਹਾਂ ਨੂੰ ਖੋਜ, ਪ੍ਰਯੋਗ, ਵਿਹਾਰਕ ਸਿਖਲਾਈ ਅਤੇ ਨਵੀਆਂ ਸੋਚਾਂ ਨਾਲ ਜੋੜਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਤੰਜਲੀ ਸੰਸਥਾਵਾਂ ਨਾਲ ਇਹ ਸਾਂਝੇਦਾਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਗਿਆਨ ਦੇ ਨਵੇਂ ਪਸਾਰ ਖੋਲ੍ਹਣ ਦੇ ਨਾਲ-ਨਾਲ ਅਕਾਦਮਿਕ ਸਹਿਯੋਗ ਨੂੰ ਵੀ ਮਜ਼ਬੂਤ ਕਰੇਗੀ। ਸਾਂਝੇਦਾਰੀ ਤਹਿਤ ਵੱਖ-ਵੱਖ ਵਿਸ਼ਿਆਂ ਨੂੰ ਆਪਸ ਵਿਚ ਜੋੜ ਕੇ ਸਿੱਖਣ ਦੀ ਪ੍ਰਕਿਰਿਆ ਨੂੰ ਉਤਸ਼ਾਹਤ ਕਰਨ ਅਤੇ ਖੋਜ-ਕੇਂਦਰਿਤ ਅਕਾਦਮਿਕ ਮਾਹੌਲ ਸਿਰਜਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ।