ਪਰਮਿੰਦਰ ਗੋਲਡੀ ਵੱਲੋਂ ਨਵੇਂ ਬੱਸ ਅੱਡੇ ਸਬੰਧੀ ਅਧਿਕਾਰੀਆਂ ਨਾਲ ਬੈਠਕ ਪਰਮਿੰਦਰ ਗੋਲਡੀ ਵੱਲੋਂ ਨਵੇਂ ਬੱਸ ਅੱਡੇ ਸਬੰਧੀ ਅਧਿਕਾਰੀਆਂ ਨਾਲ ਬੈਠਕ
Publish Date: Sat, 19 Sep 2026 06:41 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਨਵੇਂ ਬੱਸ ਸਟੈਂਡ ਸਬੰਧੀ ਐੱਸਡੀਐੱਮ ਦਫ਼ਤਰ ਵਿਚ ਅਧਿਕਾਰੀਆਂ ਨਾਲ ਬੈਠਕ ਕਰਦੇ ਪਰਮਿੰਦਰ ਗੋਲਡੀ। 21ਪੀ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਸ਼ਹਿਰ ਦੀ ਵਧਦੀ ਆਬਾਦੀ ਤੇ ਲੋਕਾਂ ਦੀਆਂ ਆਵਾਜਾਈ ਸਬੰਧੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵੱਲੋਂ ਐੱਸਡੀਐੱਮ ਦਫ਼ਤਰ ਖਰੜ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਵੇਂ ਬੱਸ ਅੱਡੇ ਦੀ ਯੋਜਨਾ ਸਬੰਧੀ ਬੈਠਕ ਕੀਤੀ ਗਈ। ਇਸ ਮੌਕੇ ਬੈਠਕ ’ਚ ਤਿਆਰ ਕੀਤੇ ਜਾ ਰਹੇ ਨਵੇਂ ਬੱਸ ਅੱਡੇ ਦੇ ਡਰਾਫਟ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਸਬੰਧੀ ਯੋਜਨਾ ’ਤੇ ਚਰਚਾ ਹੋਈ, ਜਿਸ ਵਿਚ ਫਾਇਰ ਸਟੇਸ਼ਨ, ਸਰਕਾਰੀ ਦਫ਼ਤਰ, ਆਡੀਟੋਰੀਅਮ ਅਤੇ ਮਲਟੀ-ਲੈਵਲ ਪਾਰਕਿੰਗ ਵਰਗੀਆਂ ਸਹੂਲਤਾਂ ਸ਼ਾਮਲ ਕਰਨ ਦੀ ਤਜਵੀਜ਼ ’ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਗੋਲਡੀ ਨੇ ਕਿਹਾ ਕਿ ਖਰੜ ਇਕ ਮਹੱਤਵਪੂਰਨ ਅਤੇ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਹੈ, ਪਰ ਇੱਥੇ ਇਕ ਸੁਚੱਜੇ ਅਤੇ ਆਧੁਨਿਕ ਬੱਸ ਅੱਡੇ ਦੀ ਲੋੜ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਾਂ ਬੱਸ ਅੱਡਾ ਸ਼ਹਿਰ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਯੋਜਨਾਬੱਧ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਆਵਾਜਾਈ ਦੇ ਨਾਲ-ਨਾਲ ਹੋਰ ਜ਼ਰੂਰੀ ਸਹੂਲਤਾਂ ਵੀ ਇਕੋ ਥਾਂ ’ਤੇ ਉਪਲਬਧ ਹੋ ਸਕਣ। ਇਸ ਮੌਕੇ ਅਧਿਕਾਰੀਆਂ ਨੂੰ ਬੱਸ ਟਰਮਿਨਲ ਦੇ ਡਰਾਫਟ ਅਤੇ ਹੋਰ ਲੋੜੀਂਦੀ ਯੋਜਨਾਬੰਦੀ ਸਬੰਧੀ ਕਾਰਵਾਈ ’ਚ ਤੇਜ਼ੀ ਲਿਆਉਣ ਅਤੇ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਅਮਲੀ ਰੂਪ ਦੇਣ ਲਈ ਕਿਹਾ। ਇਸ ਮੌਕੇ ਐੱਸਡੀਐੱਮ ਖਰੜ ਗੁਰਮੀਤ ਸਿੰਘ, ਕਾਰਜਸਾਧਕ ਨਗਰ ਕੌਂਸਲ ਖਰੜ ਅਸ਼ੋਕ ਪੱਥਰੀਆ, ਤਹਿਸੀਲਦਾਰ ਮੇਜਰ ਹਰਮਿੰਦਰ ਸਿੰਘ ਘੋਲੀਆ, ਬੀਡੀਪੀਓ ਮਹਿਕਮੀਤ ਸਿੰਘ, ਏਐੱਮਈ ਜਤਿੰਦਰ ਸਿੰਘ ਬੈਂਸ ਤੇ ਆਰਕੀਟੈਕਟ ਆਸ਼ੀਸ਼ ਬਾਂਸਲ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।