ਪਰਮਿੰਦਰ ਗੋਲਡੀ ਨੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਪਰਮਿੰਦਰ ਗੋਲਡੀ ਨੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ
Publish Date: Sun, 25 Oct 2026 05:49 PM (IST)
Updated Date: Sun, 25 Oct 2026 05:52 PM (IST)
ਸ੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਖ਼ਾਲਸਾ ਵਾਰੀਅਰ ਫੁੱਟਬਾਲ ਵਿੰਗ ਅਧੀਨ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਖ਼ਾਲਸਾ ਸਕੂਲ ਕੁਰਾਲੀ ਵਿਖੇ ਅੰਡਰ-14 ਅਤੇ ਅੰਡਰ-17 ਵਰਗ ਦੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਹ ਕਿੱਟਾਂ ਹਲਕਾ ਖਰੜ ਦੇ ਇੰਚਾਰਜ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਖਿਡਾਰੀਆਂ ਨੂੰ ਵੰਡੀਆਂ ਗਈਆਂ। ਇਨ੍ਹਾਂ ਕਿੱਟਾਂ ਵਿਚ ਟਰੈਕ ਸੂਟ, ਫੁੱਟਬਾਲ ਖੇਡਣ ਲਈ ਸਟੱਡਸ ਅਤੇ ਹੋਰ ਲੋੜੀਂਦਾ ਖੇਡ ਸਾਮਾਨ ਸ਼ਾਮਲ ਹੈ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਉਣ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ ਮਨੋਬਲ ਵਧਾਉਣਾ ਹੈ, ਤਾਂ ਜੋ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਖੇਡ ’ਚ ਨਿਖਾਰ ਲਿਆ ਸਕਣ। ਉਨ੍ਹਾਂ ਕਿਹਾ ਕਿ ਫੁੱਟਬਾਲ ਵਰਗੀਆਂ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਟੀਮ ਭਾਵਨਾ ਅਤੇ ਸਰੀਰਕ ਤੰਦਰੁਸਤੀ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਫੁੱਟਬਾਲ ਕੋਚ ਗੁਰਜੀਤ ਸਿੰਘ, ਫੁੱਟਬਾਲ ਕੋਚ ਧਰਮਿੰਦਰ ਸਿੰਘ ਧੰਮਾ, ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ, ਡੀਪੀ ਵਰਿੰਦਰ ਸਿੰਘ, ਹਲਕਾ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ, ਰਵੀ ਧੀਮਾਨ, ਸੋਨੀ ਧੀਮਾਨ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।