ਗੁਰਦੁਆਰਾ ਬਾਬਾ ਪ੍ਰੀਤਮ ਦਾਸ ਜੀ ਵਿਖੇ ਬਾਬਾ ਸ੍ਰੀ ਚੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗੁਰਦੁਆਰਾ ਬਾਬਾ ਪ੍ਰੀਤਮ ਦਾਸ ਜੀ ਵਿਖੇ ਬਾਬਾ ਸ੍ਰੀ ਚੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ
Publish Date: Wed, 23 Sep 2026 05:41 PM (IST)
Updated Date: Wed, 23 Sep 2026 05:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੁਰਾਤਨ ਅਤੇ ਇਤਿਹਾਸਕ ਅਸਥਾਨ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਬਾਬਾ ਪ੍ਰੀਤਮ ਦਾਸ ਜੀ ਉਦਾਸੀਨ ਕੁਟੀਆ, ਸੋਹਾਣਾ (ਸੈਕਟਰ-77) ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਉਦਾਸੀਨ ਆਚਾਰੀਆ ਬਾਬਾ ਸ੍ਰੀ ਚੰਦ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਆ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੇ ਅਖੀਰਲੇ ਦਿਨ 28ਵਾਂ ਮਹਾਨ ਭੰਡਾਰਾ ਵੀ ਕੀਤਾ ਗਿਆ। ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਦਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ, ਬਾਬਾ ਸੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ, ਸੰਤ ਬਾਬਾ ਮਨਜੀਤ ਸਿੰਘ ਛੰਨਾ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਢਿੰਡਾ ਸਾਹਿਬ, ਬਾਬਾ ਅਮਰਾਓ ਸਿੰਘ ਲੰਬਿਆਂ ਵਾਲਿਆਂ ਸਮੇਤ ਵੱਖ-ਵੱਖ ਸੰਤ ਮਹਾਪੁਰਸ਼ਾਂ ਅਤੇ ਪੰਥ ਪ੍ਰਸਿੱਧ ਜਥਿਆਂ ਅਤੇ ਪ੍ਰਚਾਰਕਾਂ ਨੇ ਸੰਗਤ ਨੂੰ ਸ਼ਬਦ ਕੀਰਤਨ, ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਅਤੇ ਗੁਰੂਘਰ ਨਾਲ ਜੁੜਨ ਲਈ ਪ੍ਰੇਰਿਆ। ਇਹ ਸਮਾਗਮ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਜਿਸ ’ਚ ਮੁਹਾਲੀ ਸ਼ਹਿਰ ਸਮੇਤ ਆਸ-ਪਾਸ ਦੀ ਸੰਗਤ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਹਰਜੀਤ ਸਿੰਘ ਬੈਦਵਾਨ, ਸਮਾਜ ਸੇਵੀ ਪਿਆਰਾ ਸਿੰਘ ਤੂਰ, ਰੂਪਾ ਸੋਹਾਣਾ, ਲਖਵਿੰਦਰ ਸਿੰਘ ਕਾਲਾ, ਮੁਲਾਜ਼ਮ ਆਗੂ ਗੁਰਦੇਵ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅਖੀਰ ਵਿਚ ਉਦਾਸੀਨ ਕੁਟੀਆ ਦੇ ਸਰਪ੍ਰਸਤ ਬਾਬਾ ਦਲਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੰਚ ਸੰਚਾਲਨ ਬਾਬਾ ਹਰਪਾਲ ਸਿੰਘ ਸੋਢੀ ਨੇ ਕੀਤਾ। ਜਾਣਕਾਰੀ ਅਨੁਸਾਰ ਇਸ ਅਸਥਾਨ ਦਾ ਸਬੰਧ ਸੰਤ ਬਾਬਾ ਪ੍ਰੀਤਮ ਦਾਸ ਨਾਲ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੋਂ ਬਾਬਾ ਗੁਰਦਿੱਤਾ ਜੀ ਅਤੇ ਚਾਰ ਧੂਣੀਆਂ ਤੋਂ ਬਾਅਦ ਗੁਰੂ ਦੀਖਿਆ ਪ੍ਰਾਪਤ ਕਰ ਕੇ ਧਰਮ ਪ੍ਰਚਾਰ ਕੀਤਾ। 18ਵੀਂ ਸਦੀ ’ਚ ਮੁਗਲ ਸਰਕਾਰਾਂ ਦੀ ਸਖ਼ਤੀ ਸਮੇਂ, ਜਦੋਂ ਸਿੰਘ ਜੰਗਲਾਂ ਵੱਲ ਚਲੇ ਗਏ ਸਨ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਉਦਾਸੀਨ ਸਾਧੂਆਂ ਨੇ ਕੀਤੀ ਸੀ।