ਪਰਗਟ ਸਿੰਘ ਕੱਲ੍ਹ ਸੰਭਾਲਣਗੇ ਪੰਜਾਬ ਕਾਂਗਰਸ ਦੀ ਕਮਾਨ, ਧੜੇਬੰਦੀ ਦਰਮਿਆਨ ਇੱਕਜੁੱਟਤਾ ਬਣੀ ਚੁਣੌਤੀ
ਸਮਾਗਮ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ’ਤੇ ਖ਼ਾਸ ਨਜ਼ਰ ਰਹੇਗੀ। ਦੋਵੇਂ ਆਗੂ ਇਨ੍ਹੀਂ ਦਿਨੀਂ ਦਿੱਲੀ ’ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੋਟਰ ਸੂਚੀਆਂ ਤੇ ਕਥਿਤ ਵੋਟ ਚੋਰੀ ਦੇ ਮੁੱਦੇ ’ਤੇ ਪ੍ਰਦਰਸ਼ਨਾਂ ’ਚ ਸਰਗਰਮ ਹਨ। ਉਨ੍ਹਾਂ ਦੀ ਸ਼ਮੂਲੀਅਤ ਨੂੰ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਦੀ ਏਕਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Publish Date: Sat, 10 Oct 2026 10:40 AM (IST)
Updated Date: Sat, 10 Oct 2026 10:44 AM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਅਹੁਦਾ ਸੰਭਾਲ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ’ਚ ਹੋਣ ਵਾਲੇ ਸਮਾਗਮ ’ਚ 5 ਤੋਂ 8 ਹਜ਼ਾਰ ਸਮਰਥਕਾਂ ਦੇ ਪੁੱਜਣ ਦੀ ਉਮੀਦ ਹੈ। ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਅਤੇ ਏਆਈਸੀਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਸੀਨੀਅਰ ਆਗੂ ਵੀ ਸ਼ਾਮਲ ਹੋ ਸਕਦੇ ਹਨ।
ਸਮਾਗਮ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ’ਤੇ ਖ਼ਾਸ ਨਜ਼ਰ ਰਹੇਗੀ। ਦੋਵੇਂ ਆਗੂ ਇਨ੍ਹੀਂ ਦਿਨੀਂ ਦਿੱਲੀ ’ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੋਟਰ ਸੂਚੀਆਂ ਤੇ ਕਥਿਤ ਵੋਟ ਚੋਰੀ ਦੇ ਮੁੱਦੇ ’ਤੇ ਪ੍ਰਦਰਸ਼ਨਾਂ ’ਚ ਸਰਗਰਮ ਹਨ। ਉਨ੍ਹਾਂ ਦੀ ਸ਼ਮੂਲੀਅਤ ਨੂੰ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਦੀ ਏਕਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਰਗਟ ਸਿੰਘ ਨੇ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਹੁਣ ਉਨ੍ਹਾਂ ਦੇ ਅਹੁਦਾ ਸੰਭਾਲਣ ਮਗਰੋਂ ਪਾਰਟੀ ਦਾ ਧਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਤੇ ਰਹੇਗਾ।
ਕਮੇਟੀਆਂ ਦੀਆਂ ਮੀਟਿੰਗਾਂ ਤੇਜ਼ ਹੋਣਗੀਆਂ
ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀਆਂ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਅਗਲੇ ਹਫ਼ਤੇ ਤੋਂ ਹੋਰ ਕਮੇਟੀਆਂ ਦੀਆਂ ਮੀਟਿੰਗਾਂ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਵੇਂ ਪ੍ਰਧਾਨ ਸਾਹਮਣੇ ਸੀਨੀਅਰ ਆਗੂਆਂ ਵਿਚਾਲੇ ਤਾਲਮੇਲ ਬਣਾਉਣ ਅਤੇ ਪਾਰਟੀ ਨੂੰ ਚੋਣਾਂ ਲਈ ਇਕਜੁੱਟ ਕਰਨ ਦੀ ਚੁਣੌਤੀ ਹੋਵੇਗੀ।